ਬਰਨਾਲਾ: ਬੇਸ਼ੱਕ ਪੰਜਾਬ ਸਰਕਾਰ ਨੇ ਕਿਸਾਨਾਂ ਦੇ 2 ਲੱਖ ਰੁਪਏ ਤਕ ਦੇ ਫ਼ਸਲੀ ਕਰਜ਼ੇ 'ਤੇ ਲੀਕ ਫੇਰ ਦਿੱਤੀ ਹੈ ਪਰ ਇਸ ਦਾ ਅਸਰ ਜ਼ਮੀਨੀ ਪੱਧਰ 'ਤੇ ਵਿਖਾਈ ਨਹੀਂ ਦੇ ਰਿਹਾ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਚੰਨਣਵਾਲ ਦੇ ਕਿਸਾਨ ਨੇ ਕਰਜ਼ੇ ਦੀ ਵਧਦੀ ਪੰਡ ਤੋਂ ਦੁਖੀ ਹੋ ਕੇ ਦਰਦਨਾਕ ਤਰੀਕੇ ਨਾਲ ਆਤਮਹੱਤਿਆ ਕਰ ਲਈ।
60 ਸਾਲਾ ਕਿਸਾਨ ਸੁਰਜੀਤ ਸਿੰਘ ਨੇ ਆਪਣੇ ਘਰ ਦੇ ਲਾਗੇ ਹੀ ਬਿਜਲੀ ਦੇ ਟ੍ਰਾਂਸਫਾਰਮਰ ਉੱਤੇ ਚੜ੍ਹ ਕੇ ਆਪਣੀ ਜਾਨ ਦੇ ਦਿੱਤੀ। ਸੁਰਜੀਤ ਸਿੰਘ 4 ਏਕੜ ਜ਼ਮੀਨ ਦਾ ਮਾਲਕ ਰਹਿ ਗਿਆ ਸੀ। ਉਸ 'ਤੇ ਤਕਰੀਬਨ 10 ਲੱਖ ਰੁਪਏ ਦਾ ਕਰਜ਼ ਸੀ। ਮ੍ਰਿਤਕ ਦੇ ਵਾਰਸਾਂ ਮੁਤਬਾਕ ਕਿਸਾਨ ਦੀ ਪਤਨੀ ਕੈਂਸਰ ਦੀ ਪੀੜਤ ਸੀ। ਉਸ ਦੇ ਡਾਕਟਰੀ ਇਲਾਜ 'ਤੇ ਕਾਫੀ ਪੈਸਾ ਖਰਚ ਹੋ ਗਿਆ ਸੀ ਤੇ ਇਸ ਤੋਂ ਬਾਅਦ ਮੁੰਡੇ ਤੇ ਕੁੜੀ ਦੇ ਵਿਆਹਾਂ 'ਤੇ ਕਾਫੀ ਖਰਚ ਹੋ ਗਿਆ। ਉਸ ਨੇ ਆਪਣੀ ਅੱਧਾ ਕਿੱਲਾ ਜ਼ਮੀਨ ਵੀ ਵੇਚੀ ਸੀ ਕਿ ਥੋੜ੍ਹਾ ਕਰਜ਼ ਉੱਤਰ ਜਾਵੇ।
ਕਰਜ਼ 'ਚੋਂ ਨਿਕਲਣ ਲਈ ਉਸ ਨੇ ਜ਼ਮੀਨ ਠੇਕੇ 'ਤੇ ਲੈ ਲਈ ਪਰ ਫ਼ਸਲ ਖਰਾਬ ਹੋ ਜਾਣ ਕਾਰਨ ਉਸ 'ਤੇ ਹੋਰ ਕਰਜ਼ਾ ਚੜ੍ਹ ਗਿਆ। ਕਰਜ਼ੇ ਕਾਰਨ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦੇ ਸੁਰਜੀਤ ਸਿੰਘ ਨੇ ਅੱਜ ਆਪਣੇ ਆਪ ਲਈ ਬਿਜਲੀ ਨਾਲ ਲੱਗ ਕੇ ਦਰਦਨਾਕ ਮੌਤ ਚੁਣ ਲਈ। ਥਾਣਾ ਟੱਲੇਵਾਲ ਦੀ ਪੁਲਿਸ ਨੇ ਮ੍ਰਿਤਕ ਦੇ ਵਾਰਸਾਂ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ।