ਚੰਡੀਗੜ੍ਹ: ਸੰਗਰੂਰ ਜ਼ਿਲ੍ਹੇ ਦੇ ਲਹਿਰਾਗਾਗਾ ਹਲਕੇ ਤੋਂ ਵਿਧਾਇਕ ਪ੍ਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਕਰਜ਼ਾ ਮੁਆਫ਼ੀ ਦਾ ਕਿਸਾਨਾਂ ਨੂੰ ਲਾਭ ਨਹੀਂ ਕਿਉਂਕਿ ਕਿਸਾਨੀ ਸਿਰ ਖੇਤੀ ਕਰਜ਼ੇ ਦੀ ਬਜਾਏ ਲਿਮਿਟ ਦਾ ਲੱਖਾਂ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਲਿਮਿਟਾਂ ’ਤੇ ਵਿਆਜ ਦਰ ਘਟਾਉਣ ਦੀ ਮੰਗ ਕੀਤੀ। ਉਨ੍ਹਾਂ ਪੁਲੀਸ ਵੱਲੋਂ ਬਖੋਰਾ ਕਲਾਂ ਇੱਕ ਪੰਜ ਸਾਲ ਤੋਂ ਮੰਜੇ ’ਤੇ ਪਏ ਅਧਰੰਗ ਦੇ ਮਰੀਜ਼ ਕਿਸਾਨ ਖ਼ਿਲਾਫ਼ ਕੇਸ ਦਰਜ ਕਰਨ ਦੀ ਆਲੋਚਨਾ ਕੀਤੀ।




ਪਿੰਡ ਬਖੋਰਾ ਕਲਾਂ ਵਿੱਚ ਪੁਲੀਸ ਵੱਲੋਂ 6 ਕਿਸਾਨਾਂ ਖ਼ਿਲਾਫ਼ ਪਰਾਲੀ ਸਾੜਨ ਕਾਰਨ ਦਰਜ ਕੀਤੇ ਕੇਸ ਮਗਰੋਂ ਉਹ ਕਿਸਾਨਾਂ ਨਾਲ ਹਮਦਰਦੀ ਪ੍ਰਗਟ ਆਏ ਸਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਐਨਜੀਟੀ ਅਤੇ ਅਦਾਲਤ ਦੇ ਹੁਕਮ ਤੋਂ ਬਾਅਦ ਪਰਾਲੀ ਨੂੰ ਸਾੜਨ ਦਾ ਸਾਰਾ ਦੋਸ਼ ਕਿਸਾਨਾਂ ਸਿਰ ਮੜ੍ਹ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਕੈਪਟਨ ਸਰਕਾਰ ਕਿਸਾਨਾਂ ਸਿਰ ਦਰਜ ਕੇਸ ਖਤਮ ਕਰੇ ਨਹੀਂ ਅਕਾਲੀ ਦਲ ਇਸ ਖਿਲਾਫ਼ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ।