ਚੰਡੀਗੜ੍ਹ: ਪੰਜਾਬ ਸਰਕਾਰ ਦੇ ਕਰਜ਼ਾ ਮਾਫੀ ਦੇ ਨੋਟੀਫਿਕੇਸ਼ਨ ਨੂੰ ਕਿਸਾਨ ਸੰਘਰਸ਼ ਕਮੇਟੀ ਨੇ ਰੱਦ ਕਰ ਦਿੱਤਾ ਹੈ। ਜੱਥੇਬੰਦੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ,ਸਕੱਤਰ ਸਵਿੰਦਰ ਸਿੰਘ ਚੁਤਾਲਾ ਨੇ ਦਸਿਆ ਕਿ ਕੈਪਟਨ ਸਰਕਾਰ ਵਲੋਂ ਵਿਧਾਨ ਸਭਾ ਚੋਣਾਂ ਵਿਚ ਡਾ.ਮਨਮੋਹਨ ਸਿੰਘ ਦੇ ਡ੍ਰਾਫ਼ਟ ਕੀਤੇ ਚੋਣ ਮੈਨੀਫ਼ੈਸਟੋ ਵਿਚ ਕਿਸਾਨਾਂ-ਮਜ਼ਦੂਰਾਂ ਦਾ ਹਰ ਤਰ੍ਹਾਂ ਦਾ ਸਮੁੱਚਾ ਕਰਜ਼ਾ ਖ਼ਤਮ ਕਰਨ ਤੇ ਕਿਸਾਨੀ ਕਿੱਤੇ ਨੂੰ ਲਾਹੇਵੰਦ ਕਰਨ ਦਾ ਚੋਣ ਵਾਅਦਾ ਕੀਤਾ ਸੀ ਪਰ ਹੁਣ 7 ਮਹੀਨੇ ਬਾਅਦ ਜੋ 2 ਤਕ ਦੇ 4,25, 284 ਖਾਤਾ ਧਾਰਕ ਦਾ 2 ਲੱਖ ਰੁਪਏ ਤੇ 2 ਏਕੜ ਤੋਂ 5 ਏਕੜ ਤਕ ਦੇ 4,50,586 ਖਾਤਾ ਧਾਰਕ ਦੇ 2 ਲੱਖ ਤਕ ਦੇ ਕਰਜ਼ੇ ਵਾਲੇ ਕਿਸਾਨਾਂ ਦਾ 9500 ਕਰੋੜ ਦਾ ਫ਼ਸਲੀ ਕਰਜ਼ਾ ਅੰਸ਼ਕ ਰੂਪ ਵਿਚ ਮਾਫ਼ ਕਰਨ ਦਾ ਨੋਟੀਫ਼ੀਕੇਸ਼ਨ ਜਾਰੀ ਕੀਤਾ ਹੈ ਜੋ ਕੋਝਾ ਮਜਾਕ ਤੇ ਧੋਖਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਕਿਸਾਨਾਂ ਸਿਰ ਸਰਕਾਰੀ ਅੰਕੜਿਆਂ ਮੁਤਾਬਕ ਖੜੇ ਫ਼ਸਲੀ ਕਰਜ਼ੇ ਦਾ ਲੇਖਾ ਜੋਖਾ ਕਰੀਏ ਤਾਂ ਉਹ ਵੀ 59,620 ਕਰੋੜ ਬਣਦਾ ਹੈ, ਇਸ ਲਈ ਕੈਪਟਨ ਸਰਕਾਰ ਵਲੋਂ ਕਿਸਾਨਾਂ ਦੇ ਸਮੁੱਚੇ ਕਰਜ਼ ਲਗਭਗ 85000 ਕਰੋੜ ਤੇ ਮਜ਼ਦੂਰਾਂ ਦੇ ਕਰਜ਼ੇ ਦੀ ਮੁਆਫ਼ੀ ਨੂੰ ਠੰਢੇ ਬਸਤੇ ਵਿਚ ਪਾਉਂਦਿਆਂ ਕੁਲ ਫ਼ਸਲੀ ਕਰਜ਼ੇ ਦਾ 6ਵਾਂ ਹਿੱਸਾ ਮਾਫ਼ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਇਹ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਨਾਲ ਪਿਛਲੇ 70 ਸਾਲ ਦੇ ਵੋਟ ਲੁਟੇਰੇ ਪ੍ਰਬੰਧ ਵੱਲੋਂ ਕੀਤਾ ਸੱਭ ਤੋਂ ਵੱਡਾ ਵਿਸ਼ਵਾਸ਼ਘਾਤ ਹੈ।
ਕਿਸਾਨ ਆਗੂਆਂ ਨੇ ਕੈਪਟਨ ਤੇ ਮੋਦੀ ਸਰਕਾਰ ਨੂੰ ਮਰ ਰਹੀ ਕਿਸਾਨੀ ਨੂੰ ਬਚਾਉਣ ਲਈ ਸਮੁੱਚੀ ਕਰਜ਼ਾ ਮਾਫ਼ੀ ਤੇ ਕਿਸਾਨ ਪੱਖੀ ਖੇਤੀਬਾੜੀ ਨੀਤੀ ਬਣਾਉਣ ਦੀ ਸਖ਼ਤ ਚੇਤਾਵਨੀ ਦਿੰਦਿਆਂ ਪੰਜਾਬ ਤੇ ਦੇਸ਼ ਭਰ ਦੇ ਕਿਸਾਨਾਂ ਨੂੰ ਘੋਰ ਆਰਥਕ ਸੰਕਟ ਵਿਚੋਂ ਕੱਢਣ ਲਈ 100 ਫ਼ੀ ਸਦੀ ਗੰਭੀਰ ਯਤਨ ਕਰਨ ਲਈ ਆਖਦਿਆਂ ਜ਼ੋਰਦਾਰ ਮੰਗ ਕੀਤੀ ਕਿ ਪੰਜਾਬ ਤੇ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਦਾ ਚੋਣ ਵਾਅਦੇ ਮੁਤਾਬਕ ਤੇ ਸੰਤਕਾਰਾ ਦੇ ਪੈਟਰਨ ਉਤੇ ਸਮੁੱਚਾ ਕਰਜ਼ਾ ਐਨ.ਪੀ.ਏ. ਵਿਚ ਪਾ ਕੇ ਖਤਮ ਕਰੇ ਤੇ ਅੱਗੇ ਤੋਂ ਕਰਜ਼ ਤੋਂ ਬਚਾਉਣ ਲਈ ਕਿਸਾਨ ਪੱਖੀ ਨੀਤੀ ਬਣਾ ਕੇ ਸਾਰੀਆਂ ਫ਼ਸਲਾਂ ਦੇ ਭਾਅ ਲਾਗਤ ਖ਼ਰਚਿਆਂ ਵਿਚ 50 ਫ਼ੀ ਸਦੀ ਮੁਨਾਫ਼ਾ ਜੋੜ ਕੇ ਐਲਾਨੇ ਜਾਣ ਤੇ ਸਰਕਾਰੀ ਖ਼ਰੀਦ ਦੀ ਗਾਰੰਟੀ ਕੀਤੀ ਜਾਵੇ।
ਖੇਤੀ ਮੰਡੀ ਤੋੜਨ ਦੀ ਨਿਤੀ ਰੱਦ ਕੀਤੀ ਜਾਵੇ। ਕਿਸਾਨ ਆਗੂਆਂ ਨੇ ਦਸਿਆ ਕਿ ਪੰਜਾਬ ਤੇ ਦੇਸ਼ ਭਰ ਵਿਚ ਖੇਤੀ ਆਧਾਰਤ ਛੋਟੀਆਂ ਸਨਅਤਾਂ ਕਿਸਾਨਾਂ ਦੀ ਭਾਈਵਾਲੀ ਨਾਲ ਲਾਈਆਂ ਜਾਣ ਭੂਗੋਲਿਕ ਸਥਿਤੀ ਅਨੁਸਾਰ ਜ਼ਮੀਨਾ ਜ਼ੋਨਾਂ ਵਿਚ ਵੰਡ ਕੇ ਵੱਖ-ਵੱਖ ਫ਼ਸਲਾਂ ਬਜਾਈਆਂ ਜਾਣ ਤੇ ਮੰਡੀਕਰਨ ਦਾ ਪ੍ਰਬੰਧ ਯਕੀਨੀ ਬਣਾਇਆ ਜਾਵੇ। 17 ਏਕੜ ਕਾਨੂੰਨ ਲਾਗੂ ਕੀਤਾ ਜਾਵੇ ਤੇ ਵੱਡੇ ਜਗੀਰਦਾਰਾਂ, ਸ਼ਾਹੂਕਾਰਾਂ, ਧਨਾਢਾਂ ਤੇ ਅਫ਼ਸਰਸ਼ਾਹੀ ਤੇ ਹੋਰ ਅਪਰਾਧਕ ਤੱਤਾਂ ਵਿਰੁਧ ਕਾਰਵਾਈ ਕਰ ਕੇ ਲੱਖਾਂ ਏਕੜ ਦੱਬੀ ਵਾਧੂ ਜ਼ਮੀਨ ਜ਼ਬਤ ਕਰ ਕੇ ਬੇਜ਼ਮੀਨੇ ਕਿਸਾਨਾਂ ਮਜ਼ਦੂਰਾਂ ਵਿਚ ਵੰਡੀ ਜਾਵੇ। ਕਿਸਾਨ ਆਗੂਆਂ ਨੇ ਕੈਪਟਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਤੇ ਕਂੇਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਵਿਰੁਧ ਜ਼ੋਰਦਾਰ ਸੰਘਰਸ਼ ਵਿੱਢਣ ਦਾ ਸੱਦਾ ਦਿਤਾ।