ਚੰਡੀਗੜ੍ਹ: ਗਿੱਦੜਬਾਹਾ-ਬਠਿੰਡਾ ਰੇਲ ਮਾਰਗ ’ਤੇ ਪਿੰਡ ਦੌਲਾ ਨਜ਼ਦੀਕ ਇਕ ਕਿਸਾਨ ਨੇ ਰੇਲ ਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਗੁਰਸੇਵਕ ਸਿੰਘ (38) ਪੁੱਤਰ ਹਰਗੋਬਿੰਦ ਸਿੰਘ ਵਾਸੀ ਪਿੰਡ ਬਾਜਕ ਨੇ ਬਠਿੰਡਾ ਤੋਂ ਸ੍ਰੀਗੰਗਾਨਗਰ ਜਾ ਰਹੀ ਸਵਾਰੀ ਗੱਡੀ ਨੰਬਰ 54755 ਅੱਗੇ ਛਾਲ ਮਾਰ ਦਿੱਤੀ। ਮੌਕੇ ’ਤੇ ਮੌਜੂਦ ਮ੍ਰਿਤਕ ਦੇ ਚਚੇਰੇ ਭਰਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ ਸਿਰ ਤਕਰੀਬਨ ਚਾਰ ਲੱਖ ਦਾ ਕਰਜ਼ਾ ਸੀ। ਇਸ ਕਾਰਨ ਉਹ ਅਕਸਰ ਪ੍ਰੇਸ਼ਾਨ ਰਹਿੰਦਾ ਸੀ। ਰੇਲਵੇ ਪੁਲੀਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਗਿੱਦੜਬਾਹਾ ਦੇ ਸਿਵਲ ਹਸਪਤਾਲ ਪਹੁੰਚਾਇਆ।


ਦੂਜੀ ਘਟਨਾ ਵਿੱਚ ਸ਼ਹਿਣਾ ਦੇ ਪਿੰਡ ਚੰਨਣਵਾਲ ਵਿੱਚ ਕਰਜ਼ੇ ਦੀ ਮਾਰ ਹੇਠ ਆਏ ਇਕ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ। ਥਾਣਾ ਟੱਲੇਵਾਲ ਦੇ ਐਸ.ਐਚ.ਓ. ਕਮਲਜੀਤ ਸਿੰਘ ਨੇ ਦੱਸਿਆ ਕਿ ਕਿਸਾਨ ਸੁਰਜੀਤ ਸਿੰਘ (60) ਪੁੱਤਰ ਬਿੱਕਰ ਸਿੰਘ ਚਾਰ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਉਸ ਸਿਰ ਬੈਂਕ ਦਾ ਤਿੰਨ ਲੱਖ ਤੇ ਸ਼ਾਹੂਕਾਰਾਂ ਦਾ ਪੰਜ ਲੱਖ ਦਾ ਕਰਜ਼ਾ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਸੀ। ਅਨਾਜ ਮੰਡੀ ਕੋਲ ਉਹ ਪੌੜੀ ਲਾ ਕੇ ਟਰਾਂਸਫਾਰਮਰ ’ਤੇ ਚੜ੍ਹ ਗਿਆ ਅਤੇ ਬਿਜਲੀ ਦੀਆਂ ਤਾਰਾਂ ਫੜ ਲਈਆਂ। ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।