ਬਠਿੰਡਾ: ਭਗਤਾ ਭਾਈ ਸ਼ਹਿਰ ਦੇ ਪਿੰਡ ਦਿਆਲਪੁਰਾ ਮਿਰਜ਼ਾ ਦੇ ਅਗਾਂਹਵਧੂ ਕਿਸਾਨ ਤੀਰਥ ਸਿੰਘ ਸਿੱਧੂ ਨੇ ਪਰਾਲੀ ਨੂੰ ਖੇਤ ਵਿੱਚ ਖਤਮ ਕਰਨ ਲਈ ਨਵਾਂ ਤਜਰਬਾ ਕਰਦਿਆਂ ਦਾਅਵਾ ਕੀਤਾ ਹੈ ਕਿ ਉਸ ਦਾ ਇਹ ਤਜਰਬਾ ਕਿਸਾਨਾਂ ਲਈ ਲਾਭਕਾਰੀ ਤੇ ਸਸਤਾ ਹੈ। ਸਿੱਧੂ ਨੇ ਕਿਹਾ ਕਿ ਉਸ ਨੇ ਇਸ ਵਾਰ ਝੋਨੇ ਦੀ ਕਟਾਈ ਤੋਂ ਬਾਅਦ ਖੇਤ ਨੂੰ ਪਾਣੀ ਨਾਲ ਭਰ ਦਿੱਤਾ। ਮਗਰੋਂ ਰੋਟਾਵੇਟਰ ਨਾਲ ਸਾਰੀ ਰਹਿੰਦ-ਖੂਹਦ ਨੂੰ ਖੇਤ ਵਿੱਚ ਹੀ ਵਾਹ ਦਿੱਤਾ।

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਸਾਰੀ ਪਰਾਲੀ ਪੂਰੀ ਤਰ੍ਹਾਂ ਮਿੱਟੀ ਵਿੱਚ ਮਿਲ ਗਈ ਜੋ ਅਗਲੇ ਦਿਨਾਂ ਵਿੱਚ ਖੇਤ ਵਿੱਚ ਹੀ ਗਲ ਜਾਵੇਗੀ। ਉਨ੍ਹਾਂ ਕਿਹਾ ਕਿ ਕਿਰਾਏ ’ਤੇ ਰੋਟਾਵੇਟਰ ਨਾਲ ਵਹਾਈ ਕਰਵਾਉਣ ਵਿੱਚ ਉਸ ਦਾ ਇੱਕ ਹਜ਼ਾਰ ਰੁਪਏ ਪ੍ਰਤੀ ਏਕੜ ਖਰਚ ਆਇਆ ਹੈ। ਜਿਨ੍ਹਾਂ ਕਿਸਾਨਾਂ ਕੋਲ ਆਪਣੇ ਟਰੈਕਟਰ ਤੇ ਰੋਟਾਵੇਟਰ ਹਨ, ਉਨ੍ਹਾਂ ਦਾ ਖਰਚ ਹੋਰ ਵੀ ਘਟ ਜਾਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਰਹਿੰਦ-ਖੂਹਦ ਨੂੰ ਰੀਪਰ ਨਾਲ ਕਟਾਉਣ ਦੀ ਲੋੜ ਨਹੀਂ।

ਉਨ੍ਹਾਂ ਕਿਹਾ ਕਿ ਇਹ ਤਜਰਬਾ ਝੋਨੇ ਦੀ ਅਗੇਤੀ ਫਸਲ ਵਿੱਚ ਬਹੁਤ ਕਾਮਯਾਬ ਹੈ ਕਿਉਂਕਿ ਝੋਨੇ ਦੀ ਅਗੇਤੀ ਕਟਾਈ ਤੋਂ ਬਾਅਦ ਅਜਿਹਾ ਕਰਨ ਲਈ ਤਕਰੀਬਨ ਇੱਕ ਮਹੀਨੇ ਦਾ ਸਮਾਂ ਮਿਲ ਜਾਂਦਾ ਹੈ। ਉਨ੍ਹਾਂ ਨੇ ਪਿਛਲੀ ਵਾਰ ਕਣਕ ਦੀ ਕਟਾਈ ਤੋਂ ਬਾਅਦ ਸਾਰੀ ਰਹਿੰਦ-ਖੂਹਦ ਨੂੰ ਰੋਟਾਵੇਟਰ ਨਾਲ ਖੇਤ ਵਿੱਚ ਹੀ ਸੁੱਕਾ ਵਾਹ ਦਿੱਤਾ ਸੀ। ਕਿਸਾਨ ਤੀਰਥ ਸਿੰਘ ਨੇ ਕਿਹਾ ਕਿ ਅਜਿਹਾ ਕਰਨ ਨਾਲ ਜਿੱਥੇ ਵਾਤਾਵਰਨ ਸਾਫ ਰਹਿੰਦਾ ਹੈ, ਉਥੇ ਪਰਾਲੀ ਖੇਤ ਵਿੱਚ ਗਲਣ ਨਾਲ ਖਾਦ ਮਿਲ ਜਾਂਦੀ ਹੈ।

ਉਨ੍ਹਾਂ ਮੰਗ ਕੀਤੀ ਕਿ ਸਰਕਾਰ ਪਰਾਲੀ ਨੂੰ ਖੇਤ ਵਿੱਚ ਖਤਮ ਕਰਨ ਲਈ ਕਿਸਾਨਾਂ ਨੂੰ ਪ੍ਰਤੀ ਏਕੜ ਦੋ ਹਜ਼ਾਰ ਰੁਪਏ ਮੁਆਵਜ਼ਾ ਦੇਵੇ। ਸਿੱਧੂ ਵੱਲੋਂ ਕੀਤੇ ਇਸ ਨਵੇਂ ਤਜਰਬੇ ਨੂੰ ਦੇਖਣ ਲਈ ਕਿਸਾਨ ਦਿਆਲਪੁਰਾ ਮਿਰਜ਼ਾ ਵਿੱਚ ਸਥਿਤ ਉਸ ਦੇ ਖੇਤਾਂ ਵਿੱਚ ਪਹੁੰਚੇ ਹੋਏ ਸਨ।