ਦੋ ਕਿਸਾਨਾਂ ਨੇ ਕੀਤੀ ਖੁਦਕੁਸ਼ੀ: ਇੱਕ ਨੇ ਗੱਡੀ ਹੇਠ ਦੂਜੇ ਨੇ ਸਲਫਾਸ ਖਾਦੀ
ਏਬੀਪੀ ਸਾਂਝਾ | 24 Aug 2017 01:10 PM (IST)
ਬਠਿੰਡਾ: ਮੌੜ ਮੰਡੀ ਦੇ ਪਿੰਡ ਭਾਈ ਬਖਤੌਰ ਦੇ ਇਕ ਹੋਰ ਕਿਸਾਨ ਵੱਲੋਂ ਕਰਜ਼ੇ ਦੀ ਪ੍ਰੇਸ਼ਾਨੀ ਦੇ ਚੱਲਦਿਆਂ ਪਿੰਡ ਦੇ ਲਾਗਿਓ ਲੰਘਦੀ ਰੇਲਵੇ ਲਾਈਨ ਦੇ ਟਰੈਕ 'ਤੇ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕਰ ਲਈ ਹੈ। ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਆਗੂ ਦਰਸ਼ਨ ਸਿੰਘ ਮਾਈਸਰਖਾਨਾ ਅਤੇ ਭੁਪਿੰਦਰ ਸਿੰਘ ਪਿੰਡ ਇਕਾਈ ਪ੍ਰਧਾਨ ਭਾਈ ਬਖਤੌਰ ਨੇ ਦੱਸਿਆ ਕਿ ਪਿੰਡ ਭਾਈ ਬਖਤੌਰ ਦਾ ਕਿਸਾਨ ਮਹਿੰਦਰ ਸਿੰਘ ਉਰਫ਼ ਕਰਤਾਰ ਸਿੰਘ (55 ਸਾਲ) ਪੁੱਤਰ ਗੁਰਬਖ਼ਸ਼ ਸਿੰਘ ਜਿਸ ਕੋਲ ਆਪਣੀ ਤਿੰਨ ਕੁ ਏਕੜ ਜ਼ਮੀਨ ਸੀ ਅਤੇ ਜਿਸ ਦੇ ਸਿਰ ਸਾਢੇ ਤਿੰਨ ਲੱਖ ਦਾ ਕਰਜ਼ਾ ਸੀ। ਇਸ ਖ਼ੁਦਕੁਸ਼ੀ ਦਾ ਪਤਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਸਮੇਂ ਲੱਗਾ, ਜਦ ਉਨ੍ਹਾਂ ਨੇ ਸਿਵਲ ਹਸਪਤਾਲ ਬਠਿੰਡਾ ਦੇ ਮੁਰਦਾ ਘਰ ਵਿਚ ਜਾ ਕੇ ਲਾਸ਼ ਦੀ ਸ਼ਨਾਖ਼ਤ ਕੀਤੀ। ਦੂਜੀ ਘਟਨਾ ਵਿੱਚ ਪਿੰਡ ਗੋਬਿੰਦਪੁਰਾ ਵਿਖੇ ਕਰਜ਼ਾਈ ਕਿਸਾਨ ਜਸਪਾਲ ਸਿੰਘ (30) ਪੁੱਤਰ ਮੱਖਣ ਸਿੰਘ ਨੇ ਖੇਤ 'ਚ ਸਲਫ਼ਾਸ ਖਾ ਕੇ ਖ਼ੁਦਕੁਸ਼ੀ ਕਰ ਲਈ ਹੈ। ਜਸਪਾਲ ਸਿੰਘ ਦੇ ਸਿਰ 'ਤੇ ਸਟੇਟ ਬੈਂਕ ਆਫ਼ ਇੰਡੀਆ ਅਤੇ ਆੜ੍ਹਤੀਆਂ ਦਾ ਕੁੱਲ ਮਿਲਾ ਕੇ 5 ਲੱਖ ਰੁਪਏ ਦੇ ਕਰੀਬ ਕਰਜ਼ਾ ਸੀ।