ਭਵਾਨੀਗੜ੍ਹ- ਪਿੰਡ ਭੱਟੀਵਾਲ ਕਲ੍ਹਾਂ ਵਿਖੇ ਮਾਨਸਿਕ ਪ੍ਰੇਸ਼ਾਨੀ ਕਾਰਨ ਇਕ ਕਿਸਾਨ ਵੱਲੋਂ ਫਾਹਾ ਲੈ ਕੇ ਆਪਣੀ ਖੁਦਕੁਸ਼ੀ ਕਰ ਲੈਣ ਦਾ ਸਮਾਚਾਰ ਮਿਲਿਆ ਹੈ।ਪਿੰਡ ਦੇ ਸਰਪੰਚ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਕਿਸਾਨ ਭਗਵਾਨ ਸਿੰਘ ਪੁੱਤਰ ਦਿਆ ਸਿੰਘ ਦੇ ਸਿਰ ਕਰੀਬ ਢਾਈ ਲੱਖ ਰੁਪਏ ਬੈਂਕ ਤੇ 60 ਹਜ਼ਾਰ ਦੇ ਕਰੀਬ ਆੜ੍ਹਤੀਏ ਦਾ ਕਰਜ਼ਾ ਸੀ, ਜਿਸ ਦੇ ਕੋਲ ਸਿਰਫ ਤਿੰਨ ਏਕੜ ਜ਼ਮੀਨ ਹੋਣ ਕਾਰਨ ਉਹ ਇਹ ਕਰਜ਼ਾ ਮੋੜਨ ਤੋਂ ਅਸਮਰਥ ਹੋਣ ਕਾਰਨ ਹਰ ਸਮੇਂ ਇਸ ਨੂੰ ਲੈ ਕੇ ਪ੍ਰੇਸ਼ਾਨ ਰਹਿੰਦਾ ਸੀ। ਕੱਲ੍ਹ ਸਵੇਰੇ ਉਸ ਨੇ ਆਪਣੇ ਘਰ ਵਿੱਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮੌਕੇ ‘ਤੇ ਆਏ ਥਾਣਾ ਮੁਖੀ ਚਰਨਜੀਵ ਲਾਂਬਾ ਵੱਲੋਂ ਪੁਲਸ ਪਾਰਟੀ ਸਮੇਤ ਮੌਕਾ ਦੇਖਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਫਾਜ਼ਿਲਕਾ ਵਿਖੇ ਕਰਜ਼ੇ ਤੋਂ ਸਤਾਏ ਇਕ ਕਿਸਾਨ ਨੇ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਰਣਜੀਤ ਸਿੰਘ ਪੁੱਤਰ ਨੱਥੂ ਸਿੰਘ ਵਾਸੀ ਕੈਂਟ ਰੋਡ ਫਾਜ਼ਿਲਕਾ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀਬਾੜੀ ਕਰਦਾ ਸੀ। ਉਸ ਨੇ ਕੁਝ ਵਿਅਕਤੀਆਂ ਤੋਂ ਦੋ ਲੱਖ ਰੁਪਏ ਕਰਜ਼ਾ ਲਿਆ ਹੋਇਆ ਸੀ। ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਆਪਣੇ ਪਿਤਾ ਦਾ ਪੋਸਟ ਮਾਰਟਮ ਕਰਵਾਉਣ ਆਏ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਕਰਜ਼ੇ ਦੇ ਬਦਲੇ ਉਨ੍ਹਾਂ ਤੇ ਉਨ੍ਹਾਂ ਦੇ ਪਿਤਾ ਨੇ ਖਾਲੀ ਚੈਕ ਅਤੇ ਇਕ ਰਜਿਸਟਰੀ ਦਿੱਤੀ ਹੋਈ ਸੀ, ਜਿਸ ਦੀ ਮਿਥੀ ਤਰੀਕ ਖਤਮ ਹੋ ਗਈ ਸੀ, ਪਰ ਆਰਥਿਕ ਤੰਗੀ ਕਾਰਨ ਉਸ ਦੇ ਪਿਤਾ ਪੈਸੇ ਦਾ ਪ੍ਰਬੰਧ ਨਹੀਂ ਕਰ ਸਕੇ। ਕਰਜ਼ਾ ਦੇਣ ਵਾਲੇ ਵਿਅਕਤੀ ਉਸ ਦੇ ਘਰ ਆਏ ਤੇ ਖਾਲੀ ਕਾਗਜ਼ ਅਤੇ ਰਜਿਸਟਰੀ ‘ਤੇ ਕਾਨੂੰਨੀ ਕਾਰਵਾਈ ਦਾ ਕਹਿ ਕੇ ਚਲੇ ਗਏ। ਉਨ੍ਹਾਂ ਕਿਹਾ ਕਿ ਕੱਲ੍ਹ ਸਵੇਰੇ ਉਸ ਬੰਦੇ ਦਾ ਫੋਨ ਆਇਆ, ਜਿਸ ਤੋਂ ਬਾਅਦ ਮੇਰੇ ਪਿਤਾ ਨੇ ਤਣਾਅ ਵਿੱਚ ਆ ਕੇ ਕੀਟਨਾਸ਼ਕ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ।