ਚੰਡੀਗੜ੍ਹ: ਅੰਬਾਲਾ ਦੇ ਪਿੰਡ ਭੁੜੰਗਪੁਰ ਦੇ ਕਰਜ਼ਾਈ ਕਿਸਾਨ ਮੇਵਾ ਸਿੰਘ (46) ਨੇ ਕੀਟਨਾਸ਼ਕ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਮੇਵਾ ਸਿੰਘ ਨੇ ਧੀ ਦੀ ਬਿਮਾਰੀ ਤੇ ਖੇਤੀ ’ਚ ਲਗਾਤਾਰ ਪੈ ਰਹੇ ਘਾਟੇ ਕਾਰਨ ਆੜ੍ਹਤੀਏ ਤੇ ਬੈਂਕਾਂ ਤੋਂ ਕਰਜ਼ਾ ਲਿਆ ਸੀ, ਜੋ ਉਸ ਲਈ ਮੋੜਨਾ ਮੁਸ਼ਕਲ ਹੋ ਗਿਆ ਸੀ। ਉਸ ਕੋਲ ਸਾਢੇ 5 ਏਕੜ ਜ਼ਮੀਨ ਸੀ ਅਤੇ ਪਰਿਵਾਰ ’ਚ ਬਜ਼ੁਰਗ ਮਾਂ, ਪਤਨੀ, ਦੋ ਪੁੱਤ ਤੇ ਇਕ ਧੀ ਹੈ। ਮੇਵਾ ਸਿੰਘ ਦੇ ਭਰਾ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਭਰਾ ਫ਼ਸਲ ’ਤੇ ਦਵਾਈ ਛਿੜਕ ਕੇ ਆਇਆ ਅਤੇ ਕਮਰੇ ’ਚ ਜਾ ਕੇ ਉਸ ਨੇ ਕੀਟਨਾਸ਼ਕ ਨਿਗਲ ਲਈ।


ਪਟਿਆਲਾ ਨੇੜਲੇ ਪਿੰਡ ਸਿੱਧੂਵਾਲ ਦੇ ਕਿਸਾਨ ਰਘਬੀਰ ਸਿੰਘ (60) ਨੇ ਸਲਫਾਸ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ| ਢਾਈ ਏਕੜ ਜ਼ਮੀਨ ਦੇ ਮਾਲਕ ਇਸ ਕਿਸਾਨ ਨੇ ਰਾਜਪੁਰਾ ਦੇ ਇਕ ਵਿਅਕਤੀ ਨੂੰ ਦਸ ਲੱਖ ਰੁਪਏ ਉਧਾਰ ਦਿੱਤੇ ਸਨ, ਜੋ ਹੁਣ ਰਾਸ਼ੀ ਮੋੜ ਨਹੀਂ ਰਿਹਾ ਸੀ ਅਤੇ ਉਪਰੋਂ ਰਘਬੀਰ ਨੂੰ ਬੈਂਕ ਤੋਂ ਲਏ ਤਿੰਨ ਲੱਖ ਰੁਪਏ ਦੀ ਕਿਸ਼ਤ ਤਾਰਨ ’ਚ ਮੁਸ਼ਕਲ ਆ ਰਹੀ ਸੀ, ਜਿਸ ਕਾਰਨ ਉਸ ਨੇ ਇਹ ਕਦਮ ਚੁੱਕ ਲਿਆ।
ਥਾਣਾ ਬਖਸ਼ੀਵਾਲਾ ਦੇ ਐਸਐਚਓ ਗੁਰਨਾਮ ਸਿੰਘ ਘੁੰਮਣ ਨੇ ਦੱਸਿਆ ਕਿ ਰਘਬੀਰ ਸਿੰਘ ਦੇ ਲੜਕੇ ਰਣਜੀਤ ਸਿੰਘ ਦੇ ਬਿਆਨਾਂ ‘ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।