ਚੰਡੀਗੜ੍ਹ- ਮਾਨਸਾ ਜ਼ਿਲ੍ਹੇ 'ਚ ਕਰਜ਼ੇ ਦੇ ਸਤਾਏ 2 ਕਿਸਾਨਾਂ ਵੱਲੋਂ ਖ਼ੁਦਕੁਸ਼ੀ ਕਰਨ ਦੀ ਖ਼ਬਰ ਹੈ। ਬਰੇਟਾ ਨੇੜਲੇ ਪਿੰਡ ਮੰਡੇਰ ਦੇ ਕਿਸਾਨ ਗੁਰਚਰਨ ਸਿੰਘ (65) ਪੁੱਤਰ ਸਰੂਪ ਸਿੰਘ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਕਿਸਾਨ ਸਿਰ ਸਰਕਾਰੀ ਤੇ ਗੈਰ-ਸਰਕਾਰੀ 4 ਲੱਖ ਦੇ ਕਰੀਬ ਕਰਜ਼ਾ ਦੱਸਿਆ ਜਾਂਦਾ ਹੈ, ਜਿਸ ਦੀ ਪ੍ਰੇਸ਼ਾਨੀ ਝੱਲਦਿਆਂ ਉਸ ਨੇ ਇਹ ਕਦਮ ਚੁੱਕ ਲਿਆ। ਮਿ੍ਤਕ ਆਪਣਾ ਪਿੱਛੇ 2 ਲੜਕੀਆਂ, 1 ਲੜਕਾ ਤੇ ਆਪਣੀ ਵਿਧਵਾ ਜੀਵਨ ਸਾਥਣ ਨੂੰ ਛੱਡ ਗਿਆ ਹੈ। ਪੁਲਿਸ ਨੇ ਧਾਰਾ 174 ਅਧੀਨ ਕਾਰਵਾਈ ਕੀਤੀ ਹੈ। ਬੁਢਲਾਡਾ-ਸਥਾਨਕ ਸ਼ਹਿਰ 'ਚ ਕਰਜ਼ੇ ਤੋਂ ਪ੍ਰੇਸ਼ਾਨ ਇਕ ਕਿਸਾਨ ਵੱਲੋਂ ਰੇਲ ਗੱਡੀ ਹੇਠ ਆ ਕੇ ਖ਼ੁਦਕੁਸ਼ੀ ਕੀਤੀ ਗਈ ਹੈ। ਰੇਲਵੇ ਪੁਲਿਸ ਚੌਕੀ ਦੇ ਇੰਚਾਰਜ ਸੁਦਾਗਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸ਼ਹਿਰ ਦੇ ਵਾਰਡ 17 ਦੇ ਵਸਨੀਕ ਕਿਸਾਨ ਸੂਖਮ ਸਿੰਘ (60) ਪੁੱਤਰ ਕਪੂਰ ਸਿੰਘ ਨੇ ਮਾਲ ਗੱਡੀ ਹੇਠ ਆ ਕੇ ਆਪਣੀ ਜਾਨ ਦੇ ਦਿੱਤੀ। ਕਿਸਾਨ ਦੇ ਵਾਰਸਾਂ ਅਨੁਸਾਰ ਉਹ ਆਪਣੇ ਸਿਰ ਚੜ੍ਹੇ 3 ਲੱਖ ਰੁਪਏ ਤੋਂ ਵੱਧ ਦੇ ਕਰਜ਼ੇ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਕਿਸਾਨ ਦੇ ਲੜਕੇ ਜਗਵਿੰਦਰ ਸਿੰਘ ਦੇ ਬਿਆਨਾਂ 'ਤੇ ਰੇਲਵੇ ਪੁਲਿਸ ਨੇ ਕਾਰਵਾਈ ਕਰਦਿਆਂ ਸਥਾਨਕ ਸਿਵਲ ਹਸਪਤਾਲ ਵਿਖੇ ਮਿ੍ਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।