ਬੱਚਿਆਂ ਨੂੰ ਲਵਾਰਸ ਛੱਡ ਕੇ, ਚਾਰ ਕਿਸਾਨ ਦੁਨੀਆ ਤੋਂ ਤੁਰੇ...
ਏਬੀਪੀ ਸਾਂਝਾ | 10 Jan 2018 10:17 AM (IST)
ਚੰਡੀਗੜ੍ਵ: ਕੋਟਕਪੁਰਾ ਦੇ ਪਿੰਡ ਚਹਿਲ ਵਿਖੇ ਇਕ ਕਿਸਾਨ ਵਲੋਂ ਕਰਜ਼ੇ ਕਾਰਨ ਖ਼ੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰਡ ਚਹਿਲ ਦੇ ਕਿਸਾਨ ਗੁਰਦੇਵ ਸਿੰਘ ਸੰਧੂ (50) ਪੁੱਤਰ ਕੰਵਰਜੀਤ ਸਿੰਘ ਸੰਧੂ ਨੇ ਕਰਜ਼ੇ ਤੋਂ ਤੰਗ ਆ ਕੇ ਆਪਣੇ ਖੇਤ 'ਚ ਬਣੇ ਮੋਟਰ ਵਾਲੇ ਖੂਹ 'ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਦੱਸਿਆ ਜਾ ਰਿਹਾ ਕਿ ਕਿਸਾਨ ਦੇ ਸਿਰ 'ਤੇ ਕਰੀਬ 30 ਲੱਖ ਰੁਪਏ ਦਾ ਕਰਜ਼ਾ ਸੀ। ਉਹ ਆਪਣੇ ਪਿੱਛੇ ਪਤਨੀ, ਇਕ ਵਿਆਹੁਤਾ ਲੜਕਾ ਅਤੇ 2 ਲੜਕੀਆਂ ਛੱਡ ਗਿਆ। ਸੰਗਰੂਰ ਦੇ ਨੇੜਲੇ ਪਿੰਡ ਲੋਹਾਖੇੜਾ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਬੀਤੀ ਰਾਤ ਕਿਸਾਨ ਹਰਵਿੰਦਰ ਸਿੰਘ ਉਰਫ਼ ਘੋਗਾ ਪੁੱਤਰ ਸੁਖਦੇਵ ਸਿੰਘ ਵਾਸੀ ਲੋਹਾਖੇੜਾ ਨੇ ਜ਼ਹਿਰੀਲੀ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਹਰਵਿੰਦਰ ਬੈਂਕਾਂ ਦੇ ਕਰੀਬ 7.5 ਲੱਖ ਦਾ ਕਰਜ਼ਾਈ ਸੀ।2 ਲੜਕੀਆਂ ਤੇ 1 ਲੜਕੇ ਦਾ ਪਿਤਾ ਸੀ। ਆਰਥਿਕ ਤੰਗੀ ਕਾਰਨ ਪਿੰਡ ਪਿੱਥੋ ਦੇ ਇਕ ਕਿਸਾਨ ਬੂਟਾ ਸਿੰਘ ਵਲੋਂ ਕਰਜ਼ੇ ਤੋ ਤੰਗ ਆ ਕੇ ਆਪਣੇ ਹੀ ਘਰ ਦੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਭਰਾ ਮੁਤਾਬਕ ਪਰਿਵਾਰ ਸਿਰ ਚੜ੍ਹੇ ਕਰਜ਼ੇ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਕਿਉਂਕਿ ਕਰਜ਼ੇ ਕਾਰਨ ਪਿਛਲੇ ਸਮੇਂ ਦੌਰਾਨ ਉਨ੍ਹਾਂ ਦੀ ਕੁਝ ਜ਼ਮੀਨ ਵੀ ਬੈਅ ਹੋ ਚੁੱਕੀ ਹੈ। ਜ਼ਿਲ੍ਹਾ ਰੋਪੜ ਦੇ ਬਲਾਕ ਸ੍ਰੀ ਚਮਕੌਰ ਸਾਹਿਬ ਅਧੀਨ ਆਉਂਦੇ ਪਿੰਡ ਫਤਹਿਪੁਰ ਦੇ ਕਿਸਾਨ ਦੀਪ ਸਿੰਘ (50) ਪੁੱਤਰ ਅੱਛਰ ਸਿੰਘ ਦੀ ਕਰਜ਼ੇ ਕਾਰਨ ਜ਼ਹਿਰੀਲੀ ਚੀਜ ਨਿਗਲ ਕੇ ਖੁਦਕੁਸ਼ੀ ਕਰ ਲਈ ਹੈ। ਉਹ ਕਰੀਬ ਡੇਢ ਏਕੜ ਜ਼ਮੀਨ ਦਾ ਮਾਲਕ ਸੀ ਅਤੇ ਉਸ 'ਤੇ ਸੁਸਾਇਟੀ, ਆੜ੍ਹਤੀਆਂ ਅਤੇ ਹੋਰ ਬੈਂਕਾਂ ਦਾ 8 ਲੱਖ ਰੁਪਏ ਦੇ ਕਰੀਬ ਕਰਜ਼ਾ ਸੀ। ਦੀਪ ਸਿੰਘ ਆਪਣੇ ਪਿੱਛੇ ਪਤਨੀ, ਇਕ ਲੜਕਾ ਅਤੇ ਲੜਕੀ ਛੱਡ ਗਿਆ।