ਸੰਗਰੂਰ: ਪਿੰਡ ਝਾੜੋਂ ਵਿਖੇ ਬੈਂਕਾਂ ਦੇ ਕਰਜ਼ਿਆਂ ਤੋਂ ਪ੍ਰੇਸ਼ਾਨ ਇਕ ਗ਼ਰੀਬ ਕਿਸਾਨ ਵਲੋਂ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਅਨੁਸਾਰ ਇਕ ਗ਼ਰੀਬ ਪਰਿਵਾਰ ਨਾਲ ਸਬੰਧਿਤ ਸਾਗਰ ਸਿੰਘ ਪੁੱਤਰ ਬਚਨ ਸਿੰਘ ਵਾਸੀ ਝਾੜੋਂ, ਜੋ ਕਿ ਸਟੇਟ ਬੈਂਕ ਆਫ਼ ਪਟਿਆਲਾ ਦੇ 4 ਲੱਖ 25 ਹਜ਼ਾਰ ਅਤੇ ਕੋਆਪ੍ਰੇਟਿਵ ਸੁਸਾਇਟੀ ਦੇ ਤਕਰੀਬਨ 60 ਹਜ਼ਾਰ ਰੁਪਏ ਦਾ ਕਰਜ਼ਾਈ ਸੀ।
ਕਿਸਾਨ ਦੇ ਭਤੀਜੇ ਸੁਖਪਾਲ ਸਿੰਘ ਨੇ ਦੱਸਿਆ ਕਿ ਥੋੜ੍ਹੀ ਜ਼ਮੀਨ ਹੋਣ ਕਾਰਨ ਉਹ ਬੈਂਕਾਂ ਦਾ ਕਰਜ਼ਾ ਮੋੜਨ ਤੋਂ ਅਸਮਰਥ ਸੀ, ਜਿਸ ਕਰਕੇ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ।
ਬੀਤੇ ਦਿਨੀਂ ਉਸ ਨੇ ਪਿੰਡ ਬੁੱਗਰਾਂ ਨੇੜੇ ਹਰੀਗੜ੍ਹ ਵਾਲੀ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਕਿਸਾਨ ਆਪਣੇ ਪਰਿਵਾਰ 'ਚ ਪਤਨੀ ਤੋਂ ਇਲਾਵਾ ਇਕ ਲੜਕਾ ਜਗਸੀਰ ਸਿੰਘ (22 ਸਾਲ) ਅਤੇ ਇਕ ਲੜਕੀ ਜਸਪ੍ਰੀਤ ਕੌਰ (20 ਸਾਲ) ਛੱਡ ਗਿਆ ਹੈ।