ਬਰਨਾਲਾ: ਨਜ਼ਦੀਕੀ ਪਿੰਡ ਧੌਲਾ ਵਿੱਚ ਕਿਸਾਨ ਭਗਵੰਤ ਸਿੰਘ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ ਹੈ। ਮ੍ਰਿਤਕ ਦੇ ਚਾਚਾ ਜਗਰੂਪ ਸਿੰਘ ਨੇ ਦੱਸਿਆ ਕਿ ਭਗਵੰਤ ਗਰੀਬ ਕਿਸਾਨ ਦਾ ਬੇਟਾ ਸੀ। ਉਹ ਰੁਜ਼ਗਾਰ ਦੀ ਤਲਾਸ਼ ਵਿੱਚ ਬਹਿਰੀਨ ਵੀ ਗਿਆ ਸੀ। ਉਸ ਕੋਲ ਸਿਰਫ ਦੋ ਕਨਾਲਾਂ ਜ਼ਮੀਨ ਸੀ। ਉਸ ਦੇ ਸਿਰ ਪੰਜ ਤੋਂ ਸਾਢੇ ਪੰਜ ਲੱਖ ਰੁਪਏ ਦਾ ਕਰਜ਼ਾ ਸੀ।
ਇਸ ਕਰਕੇ ਭਗਵੰਤ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਇਸ ਦੇ ਚੱਲਦੇ ਉਸ ਨੇ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਇੱਕ ਛੋਟੀ ਬੱਚੀ, ਪਤਨੀ ਤੇ ਬੁੱਢੇ ਮਾਂ ਬਾਪ ਛੱਡ ਗਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦਾ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇ ਤੇ ਉਸ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।
ਇਸ ਸਬੰਧੀ ਥਾਣਾ ਰੂੜੇਕੇ ਕਲਾਂ ਦੇ ਜਾਂਚ ਅਧਿਕਾਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਕਿਸਾਨ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ।