ਕਰਜ਼ਾ ਮਾਫੀ ਲਿਸਟ 'ਚ ਨਾਮ ਨਾ ਆਉਣ 'ਤੇ ਕਿਸਾਨ ਨੇ ਕੀਤੀ ਖੁਦਕੁਸ਼ੀ
ਏਬੀਪੀ ਸਾਂਝਾ | 17 Jan 2018 05:03 PM (IST)
ਬਠਿੰਡਾ: ਕਰਜ਼ਾ ਮਾਫੀ ਦੀ ਲਿਸਟ ਵਿੱਚ ਨਾਮ ਨਾ ਆਉਣ ਤੋਂ ਦੁਖੀ ਕਿਸਾਨ ਨੇ ਖੁਦਕੁਸ਼ੀ ਕਰ ਲਈ। ਕੋਟ ਸ਼ਮੀਰ ਦੇ ਕਿਸਾਨ ਅੰਮ੍ਰਿਤਪਾਲ ਸਿੰਘ ਸੱਤ ਲੱਖ ਰੁਪਏ ਕਰਜ਼ਾ ਸੀ। ਉਸ ਨੂੰ ਉਮੀਦ ਸੀ ਕਿ ਕਰਜ਼ਾ ਮਾਫੀ ਸਕੀਮ ਰਾਹੀਂ ਉਸ ਦੇ ਸਿਰੋਂ ਕਰਜ਼ੇ ਦਾ ਕੁਝ ਬੋਝ ਹੌਲਾ ਹੋ ਜਾਏਗਾ ਪਰ ਕਰਜ਼ਾ ਮਾਫੀ ਦੀ ਲਿਸਟ ਵਿੱਚ ਨਾਮ ਨਾ ਮਗਰੋਂ ਉਸ ਦਾ ਹੌਸਲਾ ਟੁੱਟ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਤਕਰੀਬਨ ਚਾਲੀ ਸਾਲਾ ਅੰਮ੍ਰਿਤਪਾਲ ਸਿੰਘ ਪਿਛਲੇ ਪੰਜ-ਸੱਤ ਦਿਨਾਂ ਤੋਂ ਕਾਫੀ ਪ੍ਰੇਸ਼ਾਨ ਸੀ। ਉਸ ਨੂੰ ਖੇਤ ਵਿੱਚ ਖਾਦ ਪਾਉਣ ਲਈ ਵੀ ਕਿਤਿਓਂ ਪੈਸੇ ਨਹੀਂ ਮਿਲੇ ਸੀ। ਇਸ ਕਰਕੇ ਉਸ ਨੇ ਅੱਜ ਖੇਤ ਵਿੱਚ ਜਾ ਕੇ ਕੀਟਨਾਸ਼ਕ ਪੀ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਅੰਮ੍ਰਿਤਪਾਲ ਤਿੰਨ ਕਿੱਲੇ ਜ਼ਮੀਨ ਦਾ ਮਾਲਕ ਸੀ। ਸਰਕਾਰ ਨੂੰ ਕਰਜ਼ਾ ਮਾਫ਼ੀ ਲਈ ਭੇਜੀ ਦੋ ਸੌ ਅੱਸੀ ਬੰਦਿਆਂ ਦੀ ਲਿਸਟ ਵਿੱਚ ਉਸ ਦਾ ਨਾਮ ਨਹੀਂ ਸੀ। ਉਂਝ ਹੈਰਾਨੀ ਦੀ ਗੱਲ ਹੈ ਕਿ ਕੋਟ ਸ਼ਮੀਰ ਦੇ ਦੋ ਸੌ ਅੱਸੀ ਕਿਸਾਨਾਂ ਵਿੱਚੋਂ ਕਿਸੇ ਦਾ ਵੀ ਕਰਜ਼ਾ ਮਾਫ਼ ਨਹੀਂ ਹੋਇਆ। ਅੰਮ੍ਰਿਤਪਾਲ ਆਪਣੇ ਮਾਂ ਬਾਪ ਦਾ ਇਕਲੌਤਾ ਸਹਾਰਾ ਸੀ। ਉਹ ਆਪਣੇ ਪਿੱਛੇ 13 ਸਾਲ ਦਾ ਬੱਚਾ ਪਤਨੀ ਤੇ ਬਜ਼ੁਰਗ ਬਾਪ ਨੂੰ ਛੱਡ ਗਿਆ ਹੈ।