ਬਠਿੰਡਾ: ਪੰਜਾਬ ਵਿੱਚ ਕਰਜ਼ੇ ਦੇ ਬੋਝ ਧੱਲੇ ਦੱਬੇ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸਬ ਡਵੀਜ਼ਨ ਮੋੜ ਮੰਡੀ ਦੇ ਪਿੰਡ ਭਾਈ ਬਖਤੌਰ ਵਿੱਚ ਇੱਕ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਸਿਰ 11 ਲੱਖ ਰੁਪਏ ਦਾ ਕਰਜ਼ਾ ਸੀ। ਇਸ ਕਰਕੇ ਕਿਸਾਨ ਪ੍ਰੇਸ਼ਾਨ ਵੀ ਰਹਿੰਦਾ ਸੀ। ਕਿਸਾਨ ਆਗੂਆਂ ਨੇ ਸਰਕਾਰ ਤੋਂ ਕਰਜ਼ਾ ਮਾਫ ਕਰਕੇ ਆਰਥਿਕ ਮਦਦ ਕਰਨ ਦੀ ਮੰਗ ਕੀਤੀ ਹੈ।
ਕਿਸਾਨ ਪ੍ਰਗਟ ਸਿੰਘ ਕੋਲ ਮਹਿਜ਼ ਤਿੰਨ ਏਕੜ ਜ਼ਮੀਨ ਸੀ। ਇਸ ਨਾਲ ਚਾਰ ਬੱਚਿਆਂ ਸਣਏ ਘਰ ਦਾ ਗੁਜਾਰਾ ਮੁਸ਼ਕਲ ਸੀ। ਕਿਸਾਨ ਦੀਆਂ ਦੋ ਨਰਮੇ ਦੀਆਂ ਫਸਲਾਂ ਖਰਾਬ ਹੋਣ ਕਰਕੇ ਉਸ ਸਿਰ ਚੜ੍ਹੇ ਕਰਜ਼ੇ ਦੀ ਪੰਡ ਭਾਰੀ ਹੋ ਗਈ। ਕਿਸਾਨ ਸਿਰ ਕਰੀਬ 11 ਲੱਖ ਰੁਪਏ ਦਾ ਕਰਜ਼ਾ ਬੈਂਕ ਤੇ ਆੜ੍ਹਤੀਆਂ ਦਾ ਸੀ। ਮ੍ਰਿਤਕ ਕਿਸਾਨ ਆਰਥਿਕ ਤੰਗੀ ਤੇ ਕਰਜ਼ੇ ਦਾ ਬੋਝ ਕਰਕੇ ਹਮੇਸ਼ਾਂ ਪ੍ਰੇਸ਼ਾਨ ਰਹਿੰਦਾ ਸੀ।
ਉਸ ਦੀ ਇੱਕ ਸਾਲ ਤੋਂ ਦਿਮਾਗੀ ਪ੍ਰੇਸ਼ਾਨੀ ਦੀ ਦਵਾਈ ਵੀ ਚੱਲ ਰਹੀ ਸੀ। ਬੁੱਧਵਾਰ ਨੂੰ ਕਿਸਾਨ ਖੇਤ ਵਿੱਚ ਕੰਮ ਕਰਨ ਗਿਆ ਜਿੱਥੇ ਉਸ ਨੇ ਖੇਤ ਵਿੱਚ ਬਣੇ ਕੋਠੇ ਵਿੱਚ ਪਈ ਜ਼ਹਿਰੀਲੀ ਵਸਤੂ ਪੀ ਲਈ। ਭਾਵੇਂ ਮ੍ਰਿਤਕ ਦੇ ਪਰਿਵਾਰ ਵਾਲੇ ਸਦਮੇ ਕਰਕੇ ਕੁਝ ਵੀ ਬੋਲਣ ਲਈ ਤਿਆਰ ਨਹੀਂ ਪਰ ਪਿੰਡ ਵਾਸੀਆਂ ਮੁਤਾਬਕ ਮ੍ਰਿਤਕ ਕਰਜ਼ ਤੋਂ ਕਾਫੀ ਪ੍ਰੇਸ਼ਾਨ ਰਹਿੰਦਾ ਸੀ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਕਿਸਾਨਾਂ ਦੀ ਆਤਮ ਹੱਤਿਆ ਦੇ ਵਧ ਰਹੇ ਕੇਸਾਂ ਦਾ ਜਿੰਮੇਵਾਰ ਪੰਜਾਬ ਸਰਕਾਰ ਨੂੰ ਦੱਸਿਆ ਹੈ। ਉਨ੍ਹਾਂ ਨੇ ਸਰਕਾਰ ਤੋਂ ਕਿਸਾਨ ਦਾ ਕਰਜ਼ਾ ਮਾਫ ਕਰਕੇ ਪਰਿਵਾਰ ਦੀ ਆਰਥਿਕ ਮਦਦ ਕਰਨ ਦੀ ਮੰਗ ਵੀ ਕੀਤੀ।