ਬਠਿੰਡਾ: ਸਰਕਾਰ ਭਾਵੇਂ ਪੰਜਾਬ ਵਿੱਚ ਕਰਜ਼ਾ ਮੁਆਫ ਕਰਨ ਦੀ ਗੱਲ ਕਰ ਰਹੀ ਹੈ ਪਰ ਕਿਸਾਨਾਂ ਵੱਲੋਂ ਕਰਜ਼ੇ ਦੇ ਚੱਲਦਿਆਂ ਆਤਮ ਹੱਤਿਆ ਕਰਨ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ। ਅੱਜ ਫਿਰ ਬਠਿੰਡਾ ਜ਼ਿਲ੍ਹੇ ਅੰਦਰ ਪੈਂਦੇ ਪਿੰਡ ਬੁਰਜ ਗਿੱਲ ਵਿੱਚ ਭੋਲਾ ਸਿੰਘ ਨਾਮ ਦੇ 55 ਸਾਲਾ ਕਿਸਾਨ ਨੇ ਆਪਣੇ ਹੀ ਖੇਤਾਂ ਵਿੱਚ ਜ਼ਹਿਰੀਲਾ ਪਦਾਰਥ ਪੀ ਕੇ ਆਤਮ ਹੱਤਿਆ ਕਰ ਲਈ।
ਪਰਿਵਾਰ ਮੁਤਾਬਕ ਮ੍ਰਿਤਕ ਦੇ ਸਿਰ ਤਕਰੀਬਨ ਨੌਂ ਲੱਖ ਰੁਪਏ ਦਾ ਕਰਜ਼ਾ ਸੀ। ਇਸ ਦੇ ਚੱਲਦਿਆਂ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਸੀ। ਭੋਲਾ ਸਿੰਘ ਦੇ ਦੋ ਬੇਟੇ ਸਨ ਜਿਨ੍ਹਾਂ ਵਿੱਚੋਂ ਇੱਕ ਦੀ ਦੋ ਸਾਲ ਪਹਿਲਾਂ ਹੀ ਬਿਮਾਰੀ ਦੇ ਚੱਲਦਿਆਂ ਮੌਤ ਹੋ ਗਈ ਸੀ।
ਭੋਲਾ ਸਿੰਘ ਕੋਲ ਸਿਰਫ਼ ਦੋ ਏਕੜ ਜ਼ਮੀਨ ਸੀ ਜਿਸ ਕਰਕੇ ਉਹ ਕਰਜ਼ਾ ਉਤਾਰਨ ਵਿੱਚ ਅਸਮਰੱਥ ਸੀ। ਭੋਲਾ ਸਿੰਘ ਪਿੱਛੇ ਪਰਿਵਾਰ ਵਿੱਚ ਉਸ ਦੀ ਪਤਨੀ, ਬੇਟਾ, ਨੂੰਹ ਤੇ ਮਾਂ ਨੂੰ ਛੱਡ ਗਿਆ ਹੈ। ਪੁਲਿਸ ਨੇ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।