ਚੰਡੀਗੜ੍ਹ: ਸੂਬੇ ਵਿੱਚ 9 ਅਗਸਤ ਤੋਂ 9 ਸਤੰਬਰ ਤੱਕ 30 ਦਿਨਾਂ ਵਿੱਚ 47 ਕਿਸਾਨ ਤੇ ਮਜ਼ਦੂਰਾਂ ਨੇ ਕਰਜ਼ੇ ਦੀ ਮਾਰ ਕਾਰਨ ਮੌਤ ਨੂੰ ਗਲੇ ਲਾਇਆ ਹੈ। ਇਨ੍ਹਾਂ ਕਿਸਾਨਾਂ ਦੀ ਸੂਚੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਜਾਰੀ ਕੀਤੀ ਹੈ। ਕਿਸਾਨ ਆਗੂਆਂ ਵੱਲੋਂ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਕੀਤੀਆਂ ਖ਼ੁਦਕੁਸ਼ੀਆਂ ਦੀ ਜਾਰੀ ਸੂਚੀ ਮੁਤਾਬਕ 10, 11 ਤੇ 14 ਅਗਸਤ ਨੂੰ ਤਿੰਨ-ਤਿੰਨ ਕਿਸਾਨਾਂ ਨੇ ਖ਼ੁਦਕੁਸ਼ੀ ਕੀਤੀ।
ਸੂਚੀ ਮੁਤਾਬਕ 15 ਅਗਸਤ ਨੂੰ ਜਗਤਾਰ ਸਿੰਘ ਪਿੰਡ ਮਿਰਜੇਆਣਾ, ਕੁਲਦੀਪ ਸਿੰਘ ਕੋਟਲੀ, ਅਵਤਾਰ ਸਿੰਘ ਅਲੀਸ਼ੇਰ, ਸੁਖਜੀਤ ਸਿੰਘ ਅਜੀਤਵਾਲ, ਗੁਰਪ੍ਰੀਤ ਸਿੰਘ ਕਲਾਲਾ ਜਦਕਿ 19 ਅਗਸਤ ਨੂੰ ਕਰਜ਼ੇ ਦੇ ਸਤਾਏ ਸੱਤ ਕਿਸਾਨਾਂ ਕੁਲਦੀਪ ਸਿੰਘ, ਗੁਰਪ੍ਰੀਤ ਸਿੰਘ, ਹਰਮੇਲ ਸਿੰਘ, ਮੇਜਰ ਸਿੰਘ, ਨਿਰਮਲ ਸਿੰਘ, ਦਰਸ਼ਨ ਸਿੰਘ ਤੇ ਵਿਦਿਆਰਥੀ ਨਵਦੀਪ ਸਿੰਘ ਖ਼ੁਦਕੁਸ਼ੀ ਕਰਕੇ ਰੱਬ ਨੂੰ ਪਿਆਰੇ ਹੋ ਗਏ।
ਕਿਸਾਨ ਆਗੂਆਂ ਨੇ ਕਿਹਾ ਕਿ ਕਰਜ਼ੇ ਦੇ ਸਤਾਏ ਕਿਸਾਨਾਂ ਵੱਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਰੋਕਣ ਲਈ ਕੈਪਟਨ ਸਰਕਾਰ ਜਰਾ ਕੁ ਵੀ ਸੰਜੀਦਾ ਨਹੀਂ। ਕਰਜ਼ਾ ਮੁਆਫ਼ੀ ਦੇ ਨਾਮ ਤੇ ਕਿਸਾਨਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰਜ਼ਾ ਮੁਕਤੀ ਤੇ ਹੋਰ ਕਿਸਾਨੀ ਮੰਗਾਂ ਨੂੰ ਲੈ ਕੇ ਰਾਜ ਦੀਆਂ ਸੱਤ ਕਿਸਾਨ ਜਥੇਬੰਦੀਆਂ ਦੇ ਸੱਦੇ 'ਤੇ ਕਿਸਾਨ ਤੇ ਮਜ਼ਦੂਰ 22 ਸਤੰਬਰ ਤੋਂ ਪੰਜ ਦਿਨਾਂ ਤਕ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਸਥਿਤ ਮੋਤੀ ਮਹਿਲ ਦਾ ਘਿਰਾਓ ਕੀਤਾ ਜਾਵੇਗਾ।