ਚੰਡੀਗੜ੍ਹ: ਉੱਤਰ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਸਾਨਾਂ ਦੇ 36,000 ਕਰੋੜ ਰੁਪਏ ਦੇ ਕਰਜ਼ੇ ਮਾਫ਼ ਕਰਨ ਦਾ ਐਲਾਨ ਕੀਤਾ ਸੀ ਪਰ ਕਰਜ਼ ਮਾਫ਼ੀ ਦੇ ਜਿਹੜੇ ਪ੍ਰਮਾਣ ਪੱਤਰ ਕਿਸਾਨਾਂ ਤੱਕ ਪਹੁੰਚ ਰਹੇ ਹਨ, ਉਨ੍ਹਾਂ ਨੂੰ ਦੇਖ ਕੇ ਯੋਗੀ ਸਰਕਾਰ ਦੀ ਇਰਾਦੇ 'ਤੇ ਸੁਆਲ ਖੜ੍ਹੇ ਹੋ ਗਏ ਹਨ। ਤੁਹਾਨੂੰ ਸੁਣ ਕੇ ਬੇਹੱਦ ਹੈਰਾਨੀ ਹੋਵੇਗੀ ਕਿ ਸਰਕਾਰ ਦੇ ਕਰਜ਼ ਮੁਆਫ਼ੀ ਤਹਿਤ ਮੇਰਠ ਦੇ ਨਗੀਨਾ ਵਿੱਚ ਰਹਿਣ ਵਾਲੇ ਕਿਸਾਨ ਬਲਿਆ ਨੂੰ 9 ਪੈਸੇ ਦੀ ਕਰਜ਼ ਮੁਆਫ਼ੀ ਹੋਈ ਹੈ। ਕਰਜ਼ ਮੁਆਫ਼ੀ ਦਾ ਪ੍ਰਮਾਣ ਪੱਤਰ ਲੈ ਕੇ ਬਲਿਆ ਖ਼ੁਦ ਹਾਸੇ ਦਾ ਪਾਤਰ ਬਣ ਗਿਆ ਹੈ। ਇਸ ਘਾਲੇਮਾਲੇ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਸਿਰਫ਼ ਇਕਲੌਤੇ ਨਗੀਨਾ ਦੀ ਕਹਾਣੀ ਨਹੀਂ ਬਲਕਿ ਅਜਿਹੇ ਕਿਸਾਨਾਂ ਦੀ ਲੰਬੀ ਲਿਸਟ ਹੈ।
2 ਰੁਪਏ ਦੀ ਮਿਲੀ ਕਰਜ਼ ਮੁਆਫ਼ੀ:
ਮੇਰਠ ਦੇ ਜ਼ਿਲ੍ਹਾ ਖੇਤੀ ਅਧਿਕਾਰੀ ਡਾ. ਅਵੇਧਸ਼ ਮਿਸ਼ਰਾ ਮੁਤਾਬਕ ਬਾਸਟਾ ਦੇ ਰਹਿਣ ਵਾਲੇ ਚਰਨ ਸਿੰਘ ਨੂੰ 84 ਪੈਸੇ ਦੀ ਕਰਜ਼ ਮੁਆਫ਼ੀ ਮਿਲੀ ਹੈ। ਉੱਥੇ ਹੀ ਆਂਕੂ ਦੇ ਰਾਮਧਨ ਨੂੰ 2 ਰੁਪਏ, ਮੰਡਾਵਰ ਦੇ ਰਹਿਣ ਵਾਲੇ ਹੀਰਾ ਨੂੰ 3 ਰੁਪਏ ਤੇ ਅਫਜਲਗੜ੍ਹ ਦੇ ਰਹਿਣ ਵਾਲੇ ਭਾਗੇਸ਼ ਨੂੰ 6 ਰੁਪਏ ਦੀ ਕਰਜ਼ ਮੁਆਫ਼ੀ ਦਿੱਤੀ ਗਈ। ਇੱਥੇ ਮੇਰਠ ਦੇ ਹੀ ਕਿਸਾਨਾਂ ਦੇ ਨਹੀਂ ਬਲਕਿ ਇਟਾਵਾ ਤੇ ਸ਼ਾਹਜਹਾਂਪੁਰ ਤੋਂ ਵੀ ਅਜਿਹੇ ਹੀ ਮਾਮਲੇ ਸਾਹਮਣੇ ਆ ਰਹੇ ਜਿੱਥੇ ਕਿਸਾਨਾਂ ਨਾਲ ਭੱਦਾ ਮਜ਼ਾਕ ਕੀਤਾ ਗਿਆ ਹੈ।
ਇਟਾਵਾ ਵਿੱਚ 3 ਰੁਪਏ ਹੋਇਆ ਮੁਆਫ਼:
ਇਟਾਵਾ ਜ਼ਿਲ੍ਹਾ ਦੇ ਭਰਥਨਾ ਤਹਿਸੀਲ ਦੇ ਭੋਲੀ ਪਿੰਡ ਵਿੱਚ ਇੱਕ ਕਿਸਾਨ ਦਾ ਇੰਨਾ ਕਰਜ਼ਾ ਮੁਆਫ਼ ਕਰ ਦਿੱਤ ਗਿਆ ਹੈ ਕਿ ਜਿਸ ਦਾ ਪ੍ਰਮਾਣ ਪੱਤਰ ਦੇਖਣ ਦੇ ਬਾਅਦ ਦੂਸਰੇ ਕਿਸਾਨ ਉਸ ਦਾ ਮਜ਼ਾਕ ਉਡਾਉਣ ਵਿੱਚ ਲੱਗ ਗਏ ਹਨ। ਇਸ ਪਿੰਡ ਦੇ ਬਜ਼ੁਰਗ ਕਿਸਾਨ ਜਿਲੇਦਾਰ ਸਿੰਘ ਨੇ ਇੱਕ ਵਖਤ ਸਟੇਟ ਬੈਂਕ ਦੀ ਭਰਥਨਾ ਸ਼ਾਖਾ ਤੋਂ ਫ਼ਸਲ ਦੇ ਲਈ ਇੱਕ ਲੱਖ ਰੁਪਏ ਦਾ ਕਰਜ਼ ਲਿਆ ਹੋਇਆ ਸੀ। ਕਰਜ਼ ਵਿੱਚ ਡੁੱਬੇ ਕਿਸਾਨ ਜਿਲੇਦਾਰ ਦਾ ਕਹਿਣਾ ਹੈ ਕਿ ਸਰਕਾਰ ਨੇ ਤਾਂ ਕੁਝ ਕੀਤਾ ਨਹੀਂ, ਹੁਣ ਅਸੀਂ ਆਪਣੇ ਖੇਤ ਵੇਚ ਕੇ ਕਰਜ਼ ਉਤਾਰਾਂਗੇ। ਇਹ ਪ੍ਰਮਾਣ ਪੱਤਰ ਬਜ਼ੁਰਗ ਕਿਸਾਨ ਜਿਲੇਦਾਰ ਦੇ ਲਈ ਮਜ਼ਾਕ ਬਣ ਗਿਆ।
ਸ਼ਾਹਜਹਾਂਪੁਰ ਦੇ ਕਿਸਾਨ ਦਾ ਡੇਢ ਰੁਪਏ ਹੋਇਆ ਮਾਫ਼:
ਸ਼ਾਹਜਹਾਂਪੁਰ ਦੇ ਕਿਸਾਨ ਰਾਮ ਪ੍ਰਸਾਦ ਦਾ ਡੇਢ ਰੁਪਏ ਦਾ ਲੋਨ ਮੁਆਫ਼ ਹੋਇਆ ਹੈ। ਰਾਮ ਪ੍ਰਸਾਦ ਨੇ ਡੇਢ ਰੁਪਏ ਦਾ ਲੋਨ ਮਾਫ਼ੀ ਉੱਤੇ ਕਿਹਾ ਕਿ ਸਰਕਾਰ ਨੂੰ ਕੀ ਜ਼ਰੂਰਤ ਸੀ ਸਾਡੇ ਵਰਗੇ ਗ਼ਰੀਬ ਕਿਸਾਨਾਂ ਦਾ ਮਜ਼ਾਕ ਬਣਾਉਣ ਦਾ। ਸਰਕਾਰ ਸਾਨੂੰ ਇੰਨਾ ਮਾੜੇ ਸਮਝਦੇ ਹੈ ਕਿ ਅਸੀਂ ਡੇਢ ਰੁਪਏ ਦਾ ਕਰਜ਼ ਨਹੀਂ ਜਮਾ ਕਰ ਸਕਦੇ।