ਚੰਡੀਗੜ੍ਹ: ਬੀਤੇ ਕਈ ਦਿਨਾਂ ਤੋਂ ਮਾਲਵਾ ਦੀਆਂ ਕਪਾਹ ਮੰਡੀਆਂ ਵਿੱਚ ਸਰਕਾਰੀ ਏਜੰਸੀ ਸੀਸੀਆਈ ਵੱਲੋਂ ਖਰੀਦ ਸ਼ੁਰੂ ਕਰਨ ਦੀ ਮੰਗ ਸਬੰਧੀ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਸਨ। ਕਿਸਾਨਾਂ ਦੀ ਇਸੇ ਮੰਗ ਸਬੰਧੀ ਅੱਜ ਸੀਸੀਆਈ ਵੱਲੋਂ ਬਠਿੰਡਾ ਦੀ ਕਪਾਹ ਮੰਡੀ 'ਚ ਨਰਮੇ ਦੀ ਖਰੀਦ ਸ਼ੁਰੂ ਕੀਤੀ ਗਈ। ਜਿਵੇਂ ਹੀ ਸੀਸੀਆਈ ਨੇ ਕੇਂਦਰ ਸਰਕਾਰ ਦੀ ਨਵੀਂ ਖਰੀਦ ਨੀਤੀ ਮੁਤਾਬਕ ਕਿਸਾਨਾਂ ਤੋਂ ਸਿੱਧੀ ਖਰੀਦ ਕਰਨੀ ਸ਼ੁਰੂ ਕੀਤੀ ਤਾਂ ਆੜ੍ਹਤੀਆਂ ਤੇ ਕਿਸਾਨਾਂ ਨੇ ਵੱਡਾ ਅੜਿੱਕਾ ਪਾ ਲਿਆ। ਦੋਵਾਂ ਦੀ ਪੁਰਾਣੀ ਆਰਥਿਕ ਸਾਂਝ ਸਰਕਾਰ ਦੀ ਨਵੀਂ ਨੀਤੀ ’ਤੇ ਭਾਰੀ ਪੈ ਗਈ। ਬੀਤੇ ਕਈ ਦਿਨਾਂ ਤੋਂ CCI ਦੀ ਖਰੀਦ ਸ਼ੁਰੂ ਕਰਨ ਦੀ ਮੰਗ ਕਰ ਰਹੇ ਕਿਸਾਨ ਅੱਜ ਆੜ੍ਹਤੀਆਂ ਦੀ ਬੋਲੀ ਬੋਲ ਰਹੇ ਸਨ।

ਆੜ੍ਹਤੀਆਂ ਨੇ ਖਰੀਦ ਨੀਤੀ ਵਿੱਚ ਆਪਣੀ ਭੂਮਿਕਾ ਮਨਫ਼ੀ ਕਰਨ ’ਤੇ ਇਤਰਾਜ਼ ਪ੍ਰਗਟਾਇਆ। ਨਰਾਜ਼ ਆੜ੍ਹਤੀਆਂ ਦੀ ਦਲੀਲ ਸੀ ਸੀ ਕਿ ਉਹ ਕਿਸਾਨਾਂ ਨੂੰ ਕਈ ਤਰਾਂ ਦੀਆਂ ਸਹੂਲਤਾਂ ਦਿੰਦੇ ਹਨ ਜੋ CCI ਨਹੀਂ ਦੇ ਪਾਏਗੀ। ਇਸੇ ਦੌਰਾਨ ਐਨ ਮੌਕੇ ਤੇ ਕਿਸਾਨ ਵੀ ਆੜ੍ਹਤੀਆਂ ਨੂੰ ਬੰਨੇ ਲਾ ਨਰਮੇ ਦੀ ਸਿੱਧੀ ਖਰੀਦ ਤੋਂ ਇਨਕਾਰੀ ਹੋ ਗਏ। ਇਸ ਮੌਕੇ ਕਿਸਾਨਾਂ ਨੇ ਦਲੀਲ ਦਿੱਤੀ ਕਿ ਫ਼ਸਲ ਦੀ ਅਦਾਇਗੀ ਦੇ ਮਾਮਲੇ ’ਚ ਉਨ੍ਹਾਂ ਨੂੰ ਆੜ੍ਹਤੀਆਂ ਰਾਹੀਂ ਜ਼ਿਆਦਾ ਸਹੂਲਤ ਮਿਲਦੀ ਹੈ। ਕਪਾਹ ਮੰਡੀ ’ਚ ਇਹ ਰੇੜਕਾ ਕਾਫੀ ਦੇਰ ਚਲਦਾ ਰਿਹਾ। ਅਖੀਰ ਵਿੱਚ ਸੀਸੀਆਈ ਨੂੰ ਸਿੱਧੀ ਖਰੀਦ ਕਰਨ ਵਿੱਚ ਸਫਲਤਾ ਨਹੀਂ ਮਿਲੀ।

ਕਾਬਲੇਗੌਰ ਹੈ ਕਿ ਨਵੀਂ ਕਿਸਾਨ ਪੱਖੀ ਸਿੱਧੀ ਖਰੀਦ ਨੀਤੀ ਤਹਿਤ ਖਰੀਦ ਸ਼ੁਰੂ ਕਰਵਾਉਣ ਲਈ ਸੀਸੀਆਈ ਟੀਮ ਉੱਚ ਅਧਿਕਾਰੀਆਂ ਸਮੇਤ ਮੰਡੀ ਪੁੱਜੀ ਹੋਈ ਸੀ। ਜ਼ਿਲ੍ਹਾ ਪ੍ਰਸ਼ਾਸ਼ਨ ਤੇ ਮੰਡੀ ਬੋਰਡ ਦੇ ਅਧਿਕਾਰੀ ਵੀ ਉੱਥੇ ਮੌਜੂਦ ਸਨ। ਦੋਵਾਂ ਦੇ ਲੱਖ ਕੋਸ਼ਿਸ਼ ਕਰਨ ’ਤੇ ਵੀ ਸਿੱਧੀ ਖਰੀਦ ਪ੍ਰਣਾਲੀ ਰਾਹੀਂ ਕਿਸਾਨ ਨਰਮਾ ਵੇਚਣ ਲਈ ਤਿਆਰ ਨਹੀਂ ਹੋਏ। ਸਰਕਾਰੀ ਖਰੀਦ ਏਜੰਸੀ ਤੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਕਿਸਾਨਾਂ ਨੂੰ ਸਮਝਾਇਆ ਕਿ ਸਿੱਧੀ ਖਰੀਦ ਰਾਹੀਂ ਊਨ੍ਹਾਂ ਨੂੰ ਫਸਲ ਦਾ ਪੂਰਾ ਮੁੱਲ ਮਿਲੇਗਾ ਪਰ ਕਿਸਾਨ ਆੜ੍ਹਤੀਆਂ ਦੀ ਗੱਲ ਨੂੰ ਜ਼ਿਆਦਾ ਤਵੱਜੋ ਦਿੰਦੇ ਦਿਖੇ। ਸਿੱਧੀ ਖਰੀਦ ਦੇ ਹੱਕ ’ਚ ਮੌਕੇ ’ਤੇ ਮੌਜੂਦ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਵੀ ਕਿਸਾਨਾਂ ਅੱਗੇ ਇੱਕ ਨਹੀਂ ਚੱਲੀ।