ਫਾਜ਼ਿਲਕਾ: ਪਹਾੜਾਂ ਵਿੱਚ ਜਿੱਥੇ ਲਗਾਤਾਰ ਬਰਫ਼ ਪੈ ਰਹੀ ਹੈ, ਉੱਥੇ ਮੈਦਾਨੀ ਇਲਾਕਿਆਂ ਵਿੱਚ ਵੀ ਪਿਛਲੇ ਦਿਨੀਂ ਕਾਫੀ ਮੀਂਹ ਪਿਆ। ਇਸ ਦੇ ਚੱਲਦੇ ਕਿਸਾਨਾਂ ਦੇ ਚਿਹਰੇ ਖਿੜ ਗਏ ਹਨ। ਜ਼ਿਲ੍ਹਾ ਫਾਜ਼ਿਲਕਾ ਦੀ ਗੱਲ ਕਰੀਏ ਤਾਂ ਇੱਥੇ ਪਰਸੋਂ ਰਾਤ ਤੋਂ ਸ਼ੁਰੂ ਹੋਏ ਰਿਮਝਿਮ ਮੀਂਹ ਨਾਲ ਫਸਲਾਂ ਨੂੰ ਕਾਫ਼ੀ ਫਾਇਦਾ ਹੋ ਰਿਹਾ ਹੈ। ਕੁਝ ਦਿਨਾਂ ਤੋਂ ਕੋਰਾ ਪੈ ਰਿਹਾ ਸੀ, ਜਿਸ ਨਾਲ ਪਸ਼ੁਆਂ ਦੇ ਚਾਰੇ ਅਤੇ ਸਰ੍ਹੋਂ ਦੀ ਫਸਲ ਨੂੰ ਨੁਕਸਾਨ ਹੋ ਰਿਹਾ ਸੀ ਪਰ ਮੀਂਹ ਨਾਲ ਕਿਸਾਨਾਂ ਨੂੰ ਕਾਫ਼ੀ ਰਾਹਤ ਮਿਲੀ ਹੈ।


ਇਸ ਸਬੰਧੀ ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਮੀਂਹ ਨਾਲ ਬਹੁਤ ਫਾਇਦਾ ਹੋਵੇਗਾ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਸੁੱਕੀ ਠੰਡ ਚੱਲ ਰਹੀ ਸੀ। ਇਸ ਨਾਲ ਫਸਲਾਂ ਅਤੇ ਪਸ਼ੂਆਂ ਨੂੰ ਨੁਕਸਾਨ ਹੋ ਰਿਹਾ ਸੀ। ਪਰ ਮੀਂਹ ਪੈਣ ਨਾਲ ਜਿੱਥੇ ਫਸਲਾਂ ਚੰਗੀਆਂ ਹੋਣ ਦੀ ਉਮੀਦ ਬਹੁਤ ਹੈ, ਉੱਥੇ ਪਸ਼ੂਆਂ ਦੇ ਚਾਰੇ ਉੱਤੇ ਹੋ ਰਹੀ ਮਾਰ ਤੋਂ ਵੀ ਬਚਾਅ ਹੋਇਆ ਹੈ।

ਕਿਸਾਨਾਂ ਮੁਤਾਬਕ ਮੀਂਹ ਪੈਣ ਨਾਲ ਸਰ੍ਹੋਂ ਦੀ ਫਸਲ ਉੱਤੇ ਤੇਲੇ ਦੀ ਮਾਰ ਦਾ ਅਸਰ ਵੀ ਖ਼ਤਮ ਹੋ ਜਾਵੇਗਾ ਅਤੇ ਕਣਕ ਦੀ ਫਸਲ ਦਾ ਝਾੜ ਵੀ ਵਧੀਆ ਹੋਵੇਗਾ। ਉਨ੍ਹਾਂ ਨੇ ਦੱਸਿਆ ਕਿ ਮੀਂਹ ਨਾਲ ਠੰਢ ਜ਼ਰੂਰ ਵਧੀ ਹੈ ਪਰ ਕਿਸਾਨ ਖੁਸ਼ ਹਨ।