ਜਲੰਧਰ : ਇੱਕ ਪਾਸੇ ਪੰਜਾਬ ਵਿੱਚ ਝੋਨੇ ਦੀ ਫਸਲ ਦੀ ਖਰੀਦ ਦੀਆਂ ਤਿਆਰੀਆਂ ਮੰਡੀ ਵਿਚ ਸ਼ੁਰੂ ਹੋ ਚੁੱਕੀਆਂ ਹਨ। ਓਥੇ ਹੀ ਦੂਜੇ ਪਾਸੇ ਲਗਾਤਾਰ 2 ਦਿਨ ਤੋਂ ਹੋਈ ਬਾਰਿਸ਼ ਨੇ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਦੋ ਦਿਨ ਤੋਂ ਹੋ ਰਹੀ ਬਾਰਿਸ਼ ਕਰਕੇ ਝੋਨੇ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਹੈ ਅਤੇ ਕਈ ਥਾਵਾਂ 'ਤੇ ਤਾਂ ਫਸਲਾਂ ਧਰਤੀ 'ਤੇ ਵਿਛ ਗਈਆਂ ਹਨ। ਜਿਸ ਕਾਰਨ ਕਿਸਾਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ।

   
  

ਝੋਨੇ ਦੀ ਫਸਲ ਜੋ ਕਿ ਕੁਝ ਦਿਨਾਂ ਬਾਅਦ ਵਾਢੀ ਤੋਂ ਬਾਅਦ ਮੰਡੀ ਪਹੁੰਚਣੀ ਸੀ। ਇਸ ਬਾਰਿਸ਼ ਕਰਕੇ ਉਹ ਫਸਲ ਪੂਰੀ ਤਰ੍ਹਾਂ ਪਾਣੀ ਨਾਲ ਭਿੱਜ ਗਈ ਹੈ। ਖ਼ਾਸ ਤੌਰ 'ਤੇ ਇਨ੍ਹਾਂ ਦਿਨਾਂ ਵਿੱਚ ਜਦੋਂ ਫ਼ਸਲ ਪੱਕਣ ਲਈ ਸੂਰਜ ਦੀ ਪੂਰੀ ਰੌਸ਼ਨੀ ਅਤੇ ਪ੍ਰਾਪਤ ਗਰਮੀ ਚਾਹੀਦੀ ਹੈ ,ਉਸ ਵੇਲੇ ਇਸ ਮੀਂਹ ਨਾਲ ਖੇਤਾਂ ਵਿੱਚ ਖੜ੍ਹੇ ਪਾਣੀ ਨੇ ਫ਼ਸਲ ਦੀਆਂ ਜੜ੍ਹਾਂ ਨੂੰ ਜ਼ਰੂਰਤ ਤੋਂ ਜ਼ਿਆਦਾ ਗਿੱਲੀਆਂ ਕਰ ਦਿੱਤਾ ਹੈ। ਅੱਜ ਹਾਲਾਤ ਇਹ ਨੇ ਕਿ ਕਿਸਾਨ ਹੁਣ ਇਸ ਚਿੰਤਾ ਵਿਚ ਨੇ ਕਿ ਕਦੋਂ ਇਹ ਪਾਣੀ ਰੁਕੇਗਾ ਅਤੇ ਝੋਨੇ ਦੀ ਫਸਲ ਸੁੱਕ ਕੇ ਮੰਡੀ ਵਿਚ ਪਹੁੰਚੇਗੀ।

 

ਜਲੰਧਰ ਦੇ ਕਿਸ਼ਨਗੜ੍ਹ ਇਲਾਕੇ ਦੇ ਕਿਸਾਨ ਹਰਵਿੰਦਰ ਸਿੰਘ ਅਤੇ ਮਨਜੀਤ ਸਿੰਘ  ਦਾ ਕਹਿਣਾ ਹੈ ਕਿ ਝੋਨੇ ਦੀ ਫਸਲ ਨੂੰ 50 ਫ਼ੀਸਦੀ ਨੁਕਸਾਨ ਹੋਇਆ ਹੈ। ਜੇਕਰ ਇਹ ਬਾਰਿਸ਼ 2 ਮਹੀਨੇ ਪਹਿਲਾਂ ਹੁੰਦੀ ਤਾਂ ਇਹ ਕਿਸਾਨਾਂ ਲਈ ਵਧੀਆ ਗੱਲ ਹੁੰਦੀ ਕਿਉਂਕਿ ਕਿਸਾਨਾਂ ਨੂੰ ਮੋਟਰ ਲਗਾ ਕੇ ਫ਼ਸਲਾਂ ਨੂੰ ਪਾਣੀ ਦੇਣਾ ਪਿਆ ਅਤੇ ਹੋਰ ਚੀਜ਼ਾਂ ਦਾ ਇਸਤੇਮਾਲ ਕਰਨਾ ਪਿਆ। ਉਨ੍ਹਾਂ ਨੇ ਕਿਹਾ ਕਿ ਅੱਜ ਤੱਕ ਖੇਤੀਬਾੜੀ ਵਿਭਾਗ ਦਾ ਕੋਈ ਵੀ ਅਫਸਰ ਸਾਡੇ ਕੋਲ ਨਹੀਂ ਆਇਆ। 

 

ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਕੋਲੋ ਉਮੀਦ ਕਰਦੇ ਹਾਂ ਕਿ ਉਹ ਇਸ ਵੱਲ ਧਿਆਨ ਦੇਵੇ ਅਤੇ ਕਿਸਾਨਾਂ ਦਾ ਬਣਦਾ ਮੁਆਵਜਾ ਦਿੱਤਾ ਜਾਵੇ। ਨਵੀਂ ਸਰਕਾਰ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਆਪ ਸਰਕਾਰ ਇਸ ਵੱਲ ਧਿਆਨ ਦਵੇਗੀ। ਕਿਸਾਨਾਂ ਨੇ ਕਿਹਾ ਕਿ ਜ਼ਿਆਦਾਤਰ ਸਰਕਾਰਾਂ ਵਾਅਦੇ ਤਾਂ ਕਰ ਦਿੰਦੀਆਂ ਹਨ ਪਰ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਆਪ ਸਰਕਾਰ ਵਾਅਦਾ ਪੂਰਾ ਕਰਦੀ ਹੈ ਜਾਂ ਨਹੀਂ। ਕਿਸਾਨਾਂ ਵੱਲੋਂ ਇਹ ਵੀ ਕਿਹਾ ਗਿਆ ਸੀ ਜਿਹੜੇ ਖੇਤ ਨੀਵੇਂ ਸੀ ,ਉਹਨਾਂ ਦਾ ਬਾਰਸ਼ ਕਾਰਨ ਜ਼ਿਆਦਾ ਨੁਕਸਾਨ ਹੋਇਆ ਹੈ।

 

ਓਧਰ ਗੰਨੇ ਦੀ ਖੇਤੀ ਕਰਨ ਵਾਲੇ ਕਿਸਾਨ ਸੁਖਦੀਪ ਸਿੰਘ ਨੇ ਕਿਹਾ ਕਿ ਹਾਲੇ ਖੇਤਾਂ ਵਿੱਚ ਗੰਨੇ ਦੀ ਫਸਲ ਵੀ ਖੜ੍ਹੀ ਹੈ ਅਤੇ ਜੇਕਰ ਉਹ ਇਸ ਬਾਰਿਸ਼ ਨਾਲ ਵਿਛ ਜਾਂਦੀ ਹੈ ਤਾਂ ਉਸਦੀ ਗਰੋਥ ਖ਼ਤਮ ਹੋ ਜਾਏਗੀ। ਇਸ ਨਾਲ ਕਿਸਾਨ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਵੇਗਾ। ਉਹਨਾਂ ਦਾ ਕਹਿਣਾ ਹੈ ਕਿ ਵਿਛੇ ਹੋਏ ਗੰਨੇ ਨੂੰ ਚੂਹੇ ਪੈਣ ਦਾ ਖਤਰਾ ਰਹਿੰਦਾ ਹੈ, ਜਿਸ ਨਾਲ ਗੰਨੇ ਦੀ ਫਸਲ ਭਾਰੀ ਨੁਕਸਾਨ ਹੁੰਦਾ ਹੈ। ਹੁਣ ਸਰਕਾਰ ਤੋਂ  ਏਹੀ ਗੁਹਾਰ ਹੈ ਕਿ ਸ਼ੁਗਰ ਮਿੱਲ ਸ਼ੁਰੂ ਕਰ ਦਿਤੀਆਂ ਜਾਣ ਤਾਂ ਜੋ ਸਮਾਂ ਰਹਿੰਦੇ ਗੰਨਾ ਵਿਕ ਸਕੇ ਤੇ ਜਿਸ ਨਾਲ ਕਿਸਾਨਾਂ ਦਾ ਨੁਕਸਾਨ ਘੱਟ ਹੋਵੇਗਾ।