ਸੰਗਰੂਰ: ਜ਼ਿਲ੍ਹਾ ਸੰਗਰੂਰ ਦੇ ਹਲਕਾ ਲਹਿਰਾ ਏਰੀਏ ਦੇ ਅੱਧੀ ਦਰਜਨਾਂ ਦੇ ਕਰੀਬ ਪਿੰਡਾਂ ਮਨੀਅਨਾ, ਮਕਰੋੜ, ਮੰਡਵੀ, ਹਾਂਡਾ, ਫੂਲਦ, ਕੁਦਨੀ ਤੇ ਖੇਤਾਂ 'ਚ ਬਣੇ ਡੇਰਿਆਂ 'ਚ ਰਹਿੰਦੇ ਕਿਸਾਨਾਂ ਦਾ ਨੁਕਸਾਨ ਹੋਇਆ ਹੈ। ਖੇਤਾਂ ਵਿੱਚੋਂ ਅੱਗ ਲੱਗਣ ਨਾਲ ਪਿੰਡ ਮਨੀਅਨਾ 'ਚ ਇੱਕ ਮੋਟਰਸਾਈਕਲ ਸਮੇਤ ਕੁਝ ਪਸ਼ੂ ਝੁਲਸੇ ਗਏ ਹਨ, ਦੋ ਬਰਾਂਡੇ ਦੀਆਂ ਛੱਤਾਂ ਡਿੱਗਣ ਨਾਲ ਤੇ ਧੂੰਏ ਨਾਲ ਦਮ ਘੁਟਣ ਨਾਲ ਮਰ ਗਏ ਤੇ 30 ਦੇ ਕਰੀਬ ਮੁਰਗੇ ਸੜ ਕੇ ਸਵਾਹ ਹੋ ਗਏ। ਪਿੰਡ ਹਾਂਡਾ 'ਚ 35 ਦੇ ਕਰੀਬ ਤੂੜੀ ਦੇ ਕੁੱਪ ਤੇ 135 ਏਕੜ ਨਾੜ ਸੜ ਗਿਆ ਹੈ। ਪਿੰਡ ਕੁਦਨੀ 'ਚ 3 ਪਸ਼ੂ ਅੱਗ ਨਾਲ ਝੁਲਸੇ ਗਏ। ਦੋਵਾਂ ਪਿੰਡਾਂ ਦੀ ਲਗਪਗ ਸਾਰੀ ਤੂੜੀ ਤੇ ਗੁਹਾਰੇ ਸੜਕੇ ਸਵਾਹ ਹੋ ਗਏ। ਇਸ ਦੌਰਾਨ ਸਭ ਤੋਂ ਵੱਧ ਤੂੜੀ ਦਾ ਨੁਕਸਾਨ ਹੋਇਆ ਹੈ।



ਮੰਡਵੀ ਪਿੰਡ ਦੇ ਡੇਰੇ ਵਿਚ ਰਹਿ ਰਹੇ ਕਿਸਾਨਾਂ ਨੇ ਕਿਹਾ ਕਿ ਪਸ਼ੂਆਂ ਲਈ ਸਾਲ ਭਰ ਦੀ ਤੂੜੀ ਇਕੱਠੀ ਕਰ ਕੇ ਰੱਖੀ ਸੀ ਜੋ ਅੱਗ ਨਾਲ ਸੜ ਕੇ ਸੁਆਹ ਹੋ ਗਈ ਹੈ ਜਿਸ ਕਰਕੇ ਹੁਣ ਸਾਡੇ ਪਸ਼ੂਆਂ ਦੇ ਹਰੇ ਚਾਰੇ ਦਾ ਵੱਡਾ ਨੁਕਸਾਨ ਹੋਇਆ ਹੈ। ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਤੇ ਕਿ ਸਾਨੂੰ ਸਾਡੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਅਸੀਂ ਆਪਣੇ ਪਸ਼ੂਆਂ ਲਈ ਹਰੇ ਚਾਰੇ ਦਾ ਪ੍ਰਬੰਧ ਕਰ ਸਕੀਏ।

ਇਸੇ ਤਰ੍ਹਾਂ ਹੀ ਮਨਿਆਣਾ ਪਿੰਡ ਦੇ ਖੇਤਾਂ ਵਿੱਚ ਰਹਿ ਰਹੇ ਕਿਸਾਨਾਂ ਨੇ ਕਿਹਾ ਬੀਤੀ ਰਾਤ ਭਿਆਨਕ ਅੱਗ ਲੱਗੀ, ਜਿਸ ਕਰਕੇ ਸਾਡੇ ਦੋ ਤਿੰਨ ਪਸ਼ੂ ਮਰ ਗਏ ਤੇ ਮੁਰਗੇ-ਪਸ਼ੂ ਅੱਗ ਦੀ ਲਪੇਟ ਵਿੱਚ ਆ ਗਏ। ਇੱਕ ਮੋਟਰਸਾਈਕਲ ਸੜਕੇ ਸੁਆਹ ਹੋ ਗਿਆ। ਮਕੋਰੜ ਸਾਹਿਬ 'ਚ ਵੀ ਗਊਸ਼ਾਲਾ ਲਈ ਸਟੇਡੀਅਮ ਵਿੱਚ ਇਕੱਠੀਆਂ ਕੀਤੀਆਂ ਕਰੀਬ 50 ਟਰਾਲੀਆਂ ਤੇ ਇਕ ਘਰ 'ਚ ਕਰੀਬ 40 ਟਰਾਲੀਆਂ ਅੱਗ ਨਾਲ ਸੜ ਕੇ ਸਵਾਹ ਹੋ ਗਈਆਂ।

ਲਹਿਰਾਗਾਗਾ ਦੇ ਵਿਧਾਇਕ ਬਰਿੰਦਰ ਗੋਇਲ ਨੇ ਕਿਹਾ 6 ਤੋਂ ਵੱਧ ਪਿੰਡਾਂ ਵਿੱਚ ਅੱਗ ਲੱਗੀ ਸੀ, ਉਸ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਸਾਰੇ ਪਿੰਡਾਂ ਦਾ ਜਾਇਜ਼ਾ ਲੈ ਰਿਹਾ ਹੈ। ਉਸ ਦੇ ਨਾਲ ਨਾਲ ਡਾਕਟਰਾਂ ਦੀਆਂ ਟੀਮਾਂ ਪਿੰਡਾਂ ਵਿਚ ਭੇਜੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸਾਰੇ ਪਿੰਡਾਂ ਵਿੱਚ ਹੋਏ ਨੁਕਸਾਨ ਦੀ ਪੂਰੀ ਰਿਪੋਰਟ ਬਣਾ ਕੇ CM ਦਫ਼ਤਰ ਨੂੰ ਭੇਜੀ ਜਾਵੇਗੀ ਤਾਂ ਜੋ ਲੋਕਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਮਿਲ ਸਕੇ।