ਨਵੀਂ ਦਿੱਲੀ: ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਪੰਜਾਬ ਦੀ ਖੇਤੀ ਬਾਰੇ ਵੱਡੀ ਗੱਲ ਕਹੀ ਹੈ। ਉਨ੍ਹਾਂ ਕਿਹਾ ਹੈ ਕਿ ਰਸਾਇਣਕ ਖੇਤੀ ਦਾ ਨੁਕਸਾਨ ਅਜਿਹਾ ਹੈ ਕਿ ਪੰਜਾਬ ਦਾ ਕਿਸਾਨ ਆਪਣੀ ਬੀਜੀ ਫ਼ਸਲ ਹੋਰਾਂ ਨੂੰ ਤਾਂ ਵੇਚਦਾ ਹੈ ਪਰ ਉਹ ਆਪ ਇਸ ਦੀ ਵਰਤੋਂ ਨਹੀਂ ਕਰਦਾ ਹੈ। ਉਨ੍ਹਾਂ ਕਿਹਾ ਕਿ ਰਸਾਇਣਾਂ ਤੇ ਕੀਟਨਾਸ਼ਕਾਂ ਦੀ ਵਰਤੋਂ ਦੇ ਰੁਝਾਨ ਨੂੰ ਬਦਲਣਾ ਪਵੇਗਾ।
ਇਸ ਦੀ ਅਲੋਚਨਾ ਕਰਦਿਆਂ ਸਾਂਝਾ ਸਮਾਜ ਮੋਰਚਾ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੀਟਨਾਸ਼ਕ ਸਰਕਾਰਾਂ ਦੀ ਦੇਣ ਹੈ। ਉਨ੍ਹਾਂ ਕਿਹਾ ਕਿ ਅਨਾਜ ਦੀ ਮੰਗ ਨੂੰ ਪੂਰਾ ਕਰਨ ਲਈ ਸਰਕਾਰਾਂ ਵੱਲੋਂ ਕਿਸਾਨਾਂ ਨੂੰ ਕੀਟਨਾਸ਼ਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਹੁਣ ਜ਼ਮੀਨਾਂ 'ਚ ਫਸਲਾਂ ਦਾ ਝਾੜ ਘਟਣ ਲੱਗਾ ਹੈ। ਇਸ ਨੂੰ ਵਧਾਉਣ ਲਈ ਮਜ਼ਬੂਰ ਹੋ ਕੇ ਕੀਟਨਾਸ਼ਕ ਰਸਾਇਣ ਵਰਤਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਮੰਤਰੀ ਨੂੰ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ ਹੈ।
ਦੱਸ ਦਈਏ ਕਿ ਤੋਮਰ ਨੇ ਕੁਦਰਤੀ ਖੇਤੀ ਅਪਣਾਉਣ ਦੇ ਕਾਰਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਰਸਾਇਣਾਂ ਨਾਲ ਖੇਤੀ 1950ਵਿਆਂ ’ਚ ਹਰੇ ਇਨਕਲਾਬ ਦੌਰਾਨ ਸ਼ੁਰੂ ਕੀਤੀ ਗਈ ਸੀ ਤੇ ਇਸ ਨਾਲ ਦੇਸ਼ ’ਚ ਵਾਧੂ ਅਨਾਜ ਪੈਦਾ ਹੋ ਗਿਆ ਸੀ ਪਰ ਖੇਤੀ ਦੇ ਇਸ ਤਰੀਕੇ ਦਾ ਮਾੜਾ ਅਸਰ ਮਿੱਟੀ, ਪਾਣੀ ਤੇ ਆਲਮੀ ਤਪਸ਼ ’ਤੇ ਪਿਆ। ਤੋਮਰ ਨੇ ਕਿਹਾ,‘‘ਰਸਾਇਣਕ ਖੇਤੀ ਨੇ ਅਨਾਜ ਦੀ ਪੈਦਾਵਾਰ ਵਧਾਉਣ ’ਚ ਸਹਾਇਤਾ ਕੀਤੀ ਪਰ ਇਸ ਦੀ ਹੱਦ ਹੁੰਦੀ ਹੈ। ਕਿਸਾਨ ਆਮਦਨ ਕਮਾ ਸਕਦਾ ਹੈ ਪਰ ਉਹ ਖਾਦਾਂ ਅਤੇ ਪਾਣੀ ਦੀ ਵਧੇਰੇ ਖਪਤ ਕਾਰਨ ਹੁਣ ਭਾਰੀ ਦਬਾਅ ਹੇਠ ਹੈ।’’
ਉਨ੍ਹਾਂ ਕਿਹਾ ਕਿ ਕੁਦਰਤੀ ਖੇਤੀ ਨੂੰ ਅਜਿਹੇ ਇਲਾਕਿਆਂ ’ਚ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਜਿਥੇ ਫ਼ਸਲਾਂ ਉਗਾਉਣ ਲਈ ਕਿਸੇ ਰਸਾਇਣ ਦੀ ਵਰਤੋਂ ਨਹੀਂ ਹੋਈ ਜਾਂ ਬਹੁਤ ਘੱਟ ਵਰਤੋਂ ਹੁੰਦੀ ਹੈ। ਮੰਤਰੀ ਮੁਤਾਬਕ ਮੌਜੂਦਾ ਸਮੇਂ ’ਚ ਕਰੀਬ 38 ਲੱਖ ਹੈਕਟੇਅਰ ਰਕਬਾ ਆਰਗੈਨਿਕ ਖੇਤੀ ਹੇਠ ਲਿਆਂਦਾ ਜਾ ਚੁੱਕਿਆ ਹੈ। ਇਸੇ ਤਰ੍ਹਾਂ ਪਰੰਪਰਾਗਤ ਕ੍ਰਿਸ਼ੀ ਵਿਕਾਸ ਯੋਜਨਾ ਦੀ ਉਪ ਯੋਜਨਾ ਤਹਿਤ ਕਰੀਬ 4 ਲੱਖ ਹੈਕਟੇਅਰ ਰਕਬਾ ਕੁਦਰਤੀ ਖੇਤੀ ਹੇਠ ਹੈ।
ਉਨ੍ਹਾਂ ਕਿਹਾ ਕਿ ਆਂਧਰਾ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਤੇ ਗੁਜਰਾਤ ਦੇ ਕੁਝ ਹਿੱਸੇ ’ਚ ਕੁਦਰਤੀ ਖੇਤੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਨੀਤੀ ਆਯੋਗ ਕੁਦਰਤੀ ਖੇਤੀ ਬਾਰੇ ਖਾਕਾ ਤਿਆਰ ਕਰੇਗਾ। ਤੋਮਰ ਨੇ ਕਿਹਾ ਕਿ ਕੁਝ ਲੋਕਾਂ ਨੂੰ ਖ਼ਦਸ਼ਾ ਹੈ ਕਿ ਕੁਦਰਤੀ ਖੇਤੀ ਕਰਨ ਨਾਲ ਫ਼ਸਲ ਦਾ ਝਾੜ ਘਟੇਗਾ ਪਰ ਅਜਿਹੇ ਲੋਕਾਂ ਨੂੰ ਕੁਦਰਤੀ ਖੇਤੀ ਦੀਆਂ ਸਫ਼ਲ ਕਹਾਣੀਆਂ ਨੂੰ ਦੇਖਣਾ ਚਾਹੀਦਾ ਹੈ।