ਚੰਡੀਗੜ੍ਹ: ਕੇਂਦਰੀ ਬਜਟ ਵਿਰੁੱਧ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੱਦੇ 'ਤੇ ਅੱਜ 5ਵੇਂ ਦਿਨ ਵੀ 40 ਥਾਵਾਂ ਉੱਪਰ ਮੋਦੀ ਸਰਕਾਰ ਦੀਆਂ ਅਰਥੀਆਂ ਫੂਕੀਆਂ। ਇਕੱਠਾਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ 'ਚ ਅਮਰੀਕ ਸਿੰਘ ਗੰਢੂਆਂ, ਸੁਦਾਗਰ ਸਿੰਘ ਘੁੜਾਣੀ ਲਖਵਿੰਦਰ ਸਿੰਘ ਮੰਜ਼ਿਆਂ ਵਾਲੀ, ਅਮਰਜੀਤ ਸਿੰਘ ਸੈਦੋਕੇ ਹਾਜ਼ਰ ਸਨ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਹਫਤਾ ਭਰ ਪਿੰਡ ਪਿੰਡ ਚੱਲਣ ਵਾਲੇ ਪ੍ਰੋਗਰਾਮ ਦੇ 5ਵੇਂ ਦਿਨ ਅੱਜ ਜ਼ਿਲ੍ਹਾ ਸੰਗਰੂਰ ਜਹਾਂਗੀਰ, ਖੇੜੀ, ਘਰਾਚੋਂ, ਖਡਿਆਲ, ਤੀਰਪੱਤੀ, ਸੁਨਾਮ, ਚੋਟੀਆਂ, ਗੁਰਨੇ, ਹਥਨ, ਸਾਰੋਂ, ਸੰਗਾਲਾ, ਸੰਗਾਲੀ, ਭੈਣੀ, ਭੁਰਥਲਾ, ਸ਼ਾਦੀਹਰੀ, ਬਾਲੀਆਂ, ਸ਼ੇਰੋ, ਬਡਰੁੱਖਾਂ, ਬਖੋਰਾ ਕਲਾਂ, ਲੇਹਲ ਕਲਾਂ, ਭਾਈਕੀ ਪਿਸੌਰ, ਜ਼ਿਲ੍ਹਾ ਮਾਨਸਾ ਖੱਤਰੀਵਾਲਾ, ਮੱਤੀ, ਖੋਖਰ, ਖੁਰਦ, ਲਾਲਿਆਂ ਵਾਲੀ, ਮੀਰਪੁਰ ਖੁਰਦ, ਜ਼ਿਲ੍ਹਾ ਬਰਨਾਲਾ, ਹਰੀਗੜ੍ਹ, ਗਹਿਲਾਂ, ਦੀਵਾਨਾ, ਭੈਣੀ, ਮਹਿਰਾਜ, ਜ਼ਿਲ੍ਹਾ ਮੋਗਾ 'ਚ ਪਿੰਡ ਡੇਮਰੂ ਕਲਾਂ, ਡੇਮਰੂ ਖੁਰਦ, ਨੰਗਲ, ਰਣਸੀਂਹ ਖੁਰਦ, ਜ਼ਿਲ੍ਹਾ ਫਰੀਦਕੋਟ ਰੋੜੀਕਪੂਰਾ, ਜ਼ਿਲ੍ਹਾ ਲੁਧਿਆਣਾ ਕਿਸ਼ਨਪੁਰਾ, ਜ਼ਿਲ੍ਹਾ ਪਟਿਆਲਾ ਬਰਾਸ, ਧਨੇਠਾ, ਜ਼ਿਲ੍ਹਾ ਅੰਮ੍ਰਿਤਸਰ 'ਚ ਧਰਮਕੋਟ, ਰੂੜੇਵਾਲ, ਗੁਰਦਾਸਪੁਰ 'ਚ ਪਿੰਡ ਖੋਖਰ ਪਿੰਡਾਂ 'ਚ ਪਰਿਵਾਰਾਂ ਸਮੇਤ ਇਕੱਠੇ ਹੋ ਕੇ ਕਿਸਾਨਾਂ ਮਜਦੂਰਾਂ ਨੇ ਮੋਦੀ ਸਰਕਾਰ ਦੀਆਂ ਅਰਥੀਆਂ ਚੁੱਕ ਕੇ ਨਾਹਰੇ ਲਾਉਂਦੇ ਹੋਏ ਮੁਜ਼ਾਹਰੇ ਕਰਨ ਉਪਰੰਤ ਸੱਥਾਂ 'ਚ ਜਾ ਕੇ ਅਰਥੀਆਂ ਫੂਕੀਆਂ।
ਬੁਲਾਰਿਆਂ ਨੇ ਕੇਂਦਰੀ ਬਜਟ ਨੂੰ ਕਿਸਾਨ ਵਿਰੋਧੀ ਦੱਸਦੇ ਹੋਏ ਮੋਦੀ ਸਰਕਾਰ ਦੀ ਜੰਮ ਕੇ ਆਲੋਚਨਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਪੂਰੇ ਦੇਸ਼ 'ਚ ਤਿੰਨ ਲੱਖ ਤੋਂ ਵੱਧ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਖੁਦਕੁਸ਼ੀਆਂ ਲਈ ਮਜਬੂਰ ਕਰ ਚੁੱਕੇ ਕਰਜ਼ਿਆਂ ਤੋਂ ਮੁਕਤੀ ਲਈ ਬਜਟ ਵਿੱਚ ਸਰਕਾਰ ਨੇ ਇੱਕ ਪੈਸਾ ਵੀ ਨਹੀਂ ਰੱਖਿਆ ਜਦੋਂਕਿ ਧਨਾਡ ਕਾਰਪੋਰੇਟ ਘਰਾਣਿਆਂ ਦੇ ਕਈ ਕਈ ਲੱਖ ਕਰੋੜ ਹਰ ਸਾਲ ਮੁਆਫ ਕੀਤੇ ਜਾਂਦੇ ਹਨ। ਇੱਥੋਂ ਤੱਕ ਕਿ ਖੁਦਕੁਸ਼ੀ ਪੀੜਤ ਕਿਸਾਨ ਮਜ਼ਦੂਰ ਪਰਿਵਾਰਾਂ ਲਈ ਤੇ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਰਾਹਤ ਦਾ ਵੀ ਕੋਈ ਜ਼ਿਕਰ ਨਹੀਂ।