ਫਗਵਾੜਾ : ਲਖੀਮਪੁਰ ਖੇੜੀ ਹਿੰਸਾ ਮਾਮਲੇ ਨੂੰ ਲੈ ਕੇ ਦੇਸ਼ ਭਰ ਤੋਂ ਕਿਸਾਨ ਅੱਜ ਲਖੀਮਪੁਰ ਖੇੜੀ ਲਈ ਰਵਾਨਾ ਹੋ ਰਹੇ ਹਨ। ਓਥੇ ਹੀ ਫਗਵਾੜਾ ਸ਼ੂਗਰ ਮਿੱਲ ਚੌਕ ਵਿੱਚ ਚੱਲ ਰਹੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਧਰਨੇ ਕਾਰਨ ਦੋਆਬਾ ਕਿਸਾਨ ਕਮੇਟੀ ਦੀ ਤਰਫੋਂ ਕੇਵਲ 100 ਲੋਕ ਹੀ ਲਖੀਮਪੁਰ ਖੇੜੀ ਵੱਲ ਭੇਜੇ ਗਏ ਹਨ, ਜੋ ਕਿ ਟੈਂਪੂ ਟਰੈਵਲਰ ਅਤੇ ਆਪਣੇ ਆਪਣੇ ਵਾਹਨਾਂ ਰਾਹੀਂ ਜਾ ਰਹੇ ਹਨ ਅਤੇ ਕੁਝ ਲੋਕ ਸ਼ਾਮ ਨੂੰ ਰੇਲਗੱਡੀ ਰਾਹੀਂ ਜਾਣਗੇ।
ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਦੇ 10,000 ਕਿਸਾਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਦੱਸ ਦਈਏ ਕਿ ਲਖੀਮਪੁਰ ਖੇੜੀ ਵਿਖੇ ਇਹ ਧਰਨਾ 4 ਦਿਨ ਤੱਕ ਚੱਲੇਗਾ, ਜਦਕਿ 25 ਨੂੰ ਫਗਵਾੜਾ ਸ਼ੂਗਰ ਮਿੱਲ ਚੌਕ ਵਿਖੇ ਪੰਜਾਬ ਸਰਕਾਰ ਖਿਲਾਫ ਭਾਰੀ ਇਕੱਠ ਹੋਵੇਗਾ ਅਤੇ ਲੋੜ ਪੈਣ 'ਤੇ ਰੇਲਵੇ ਟਰੈਕ ਵੀ ਜਾਮ ਕੀਤਾ ਜਾਵੇਗਾ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੋਆਬਾ ਕਿਸਾਨ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਰਾਏ ਨੇ ਦੱਸਿਆ ਕਿ ਅੱਜ ਉਨ੍ਹਾਂ ਦੇ ਧੜੇ ਦੀ ਤਰਫੋਂ 1000 ਲੋਕਾਂ ਨੇ ਜਾਣਾ ਸੀ ਪਰ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਕਿ ਫਗਵਾੜਾ ਸ਼ਹਿਰ ਦੇ ਚੌਕ ਵਿੱਚ ਧਰਨਾ ਵੀ ਚੱਲ ਰਿਹਾ ਹੈ। ਇਸ ਲਈ ਉਸ ਮੋਰਚੇ ਨੂੰ ਵੀ ਸੰਭਾਲ ਕੇ ਰੱਖੋ, ਜਿਸ ਕਾਰਨ ਇੱਥੋਂ 100 ਲੋਕਾਂ ਦਾ ਜੱਥਾ ਭੇਜਿਆ ਗਿਆ ਹੈ।
ਉਨ੍ਹਾਂ ਆਪਣੀਆਂ ਮੰਗਾਂ ਸਬੰਧੀ ਕਿਹਾ ਕਿ ਲਖੀਮਪੁਰ ਖੇੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹਨ, ਕਿਉਂਕਿ ਉਹ ਜ਼ਮਾਨਤ ਲੈ ਕੇ ਅਰਾਮ ਨਾਲ ਘੁੰਮ ਰਹੇ ਹਨ, ਜਦਕਿ ਦੂਜੇ ਪਾਸੇ ਕਿਸਾਨ ਅੰਦੋਲਨ ਦੌਰਾਨ ਕਿਸੇ ਕਿਸਾਨ ਭਰਾ ਤੋਂ ਕੋਈ ਹਿੰਸਾ ਹੋਈ ,ਉਨ੍ਹਾਂ 'ਤੇ ਅਜੇ ਵੀ ਮਾਮਲੇ ਦਰਜ ਹਨ ,ਜਿਸ ਨੂੰ ਸਰਕਾਰ ਨੇ ਅਜੇ ਤੱਕ ਰੱਦ ਨਹੀਂ ਕੀਤਾ।
ਇਸ ਲਈ ਉਥੇ ਅਸੀਂ ਸਾਰੇ ਇਕੱਠੇ ਹੋ ਕੇ ਮੰਤਰੀ ਦੇ ਖਿਲਾਫ ਕਾਰਵਾਈ ਕਰਵਾਵਾਂਗੇ ਅਤੇ ਕਿਸਾਨਾਂ ਖਿਲਾਫ ਦਰਜ ਕੀਤੇ ਗਏ ਕੇਸ ਰੱਦ ਕਰਵਾਵਾਂਗੇ। ਸਰਕਾਰ ਤੋਂ ਐਮਐਸਪੀ 'ਤੇ ਕਮੇਟੀ ਬਣਾਉਣ ਦੀ ਮੰਗ ਵੀ ਕਰਾਂਗੇ। ਫਗਵਾੜਾ ਵਿੱਚ ਚੱਲ ਰਹੇ ਧਰਨੇ ਸਬੰਧੀ ਉਨ੍ਹਾਂ ਕਿਹਾ ਕਿ ਇਹ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ 25 ਤਰੀਕ ਨੂੰ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਕੇ ਹਾਈਵੇਅ ਨੂੰ ਜਾਮ ਕਰਨਗੇ ਅਤੇ ਲੋੜ ਪੈਣ ’ਤੇ ਰੇਲਵੇ ਟਰੈਕ ਵੀ ਬੰਦ ਕਰਨਗੇ।