ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਕਣਕ ਦੇ ਭਾਅ ਵਿੱਚ ਕੀਤੇ 110 ਰੁਪਏ ਪ੍ਰਤੀ ਕੁਇੰਟਲ ਵਾਧੇ ਨੂੰ ਕਿਸਾਨਾਂ ਨੇ ਨਾਕਾਰ ਦਿੱਤਾ ਹੈ। ਇਸ ਸਬੰਧੀ 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਸਕੱਤਰ ਜਗਮੋਹਨ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਇੱਕ ਪਾਸੇ ਤਾਂ ਖੇਤੀ ਲਾਗਤਾਂ ਵਿੱਚ ਚੋਖਾ ਵਾਧਾ ਕਰਕੇ ਤੇ ਦੂਜੇ ਪਾਸੇ ਕਣਕ ਦੇ ਭਾਅ ਵਿੱਚ ਸਿਰਫ 6 ਫੀਸਦੀ ਵਾਧਾ ਕਰਕੇ ਕਿਸਾਨਾਂ ਨਾਲ ਕੋਝਾ ਮਜ਼ਾਕ ਕੀਤਾ ਹੈ।
ਕਿਸਾਨ ਆਗੂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਖਾਦਾਂ ਤੇ ਖੇਤੀ ਮਸ਼ੀਨਰੀ ਨੂੰ ਜੀਐਸਟੀ ਦੇ ਘੇਰੇ ਵਿੱਚ ਲਿਆ ਕੇ ਮਹਿੰਗਾ ਕਰ ਦਿੱਤਾ ਹੈ। ਇਸ ਦੇ ਨਾਲ ਹੀ ਹੁਣ ਟਰੈਕਟਰ ਰੱਖਣ ਉੱਤੇ ਸਾਲਾਨਾ 30 ਹਜ਼ਾਰ ਰੁਪਏ ਟੈਕਸ ਲਾ ਦਿੱਤਾ ਹੈ। ਡੀਜ਼ਲ ਦੇ ਭਾਅ ਵਿੱਚ 10 ਫੀਸਦੀ ਵਾਧਾ ਹੋਇਆ ਹੈ। ਇਸ ਸਭ ਦੇ ਮੁਕਾਬਲੇ ਕਣਕ ਦਾ ਭਾਅ ਤਾਂ ਉੱਠ ਦੇ ਮੂੰਹ 'ਚ ਜ਼ੀਰੇ ਦੇ ਬਰਾਬਰ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਇਸ ਮੁੱਦੇ ਨੂੰ 29 ਅਕਤੂਬਰ ਨੂੰ ਮੋਗਾ ਵਿੱਚ ਹੋਰ ਰਹੀ ਸੱਤ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਵਿੱਚ ਵਿਚਾਰ ਕੇ ਅਗਲਾ ਐਕਸ਼ਨ ਐਲਾਨ ਕਰੇਗੀ।
ਜਗਮੋਹਨ ਨੇ ਕਿਹਾ ਕਿ ਫਸਲਾਂ ਦਾ ਭਾਅ ਸੁਆਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਮੁਤਾਬਕ ਹੋਣਾ ਚਾਹੀਦੇ ਹਨ। ਕਣਕ ਦਾ ਭਾਅ ਕੌਮੀ ਪੱਧਰ ਦਾ ਮੁੱਦਾ ਹੈ ਤੇ ਜਿਸ ਲਈ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਵੱਲੋਂ 20-21-22 ਨਵੰਬਰ ਨੂੰ ਤਿੰਨ ਰੋਜਾ ਕਿਸਾਨ ਪਾਰਲੀਮੈਂਟ ਕੀਤੀ ਜਾਵੇਗੀ। ਇੱਥੇ ਸੁਆਮੀਨਾਥਨ ਕਮੇਟੀ ਦੀ ਸਿਫਾਰਸ਼ ਦੀ ਮੰਗ ਨੂੰ ਲੈ ਕੇ ਵਿਸ਼ਾਲ ਰੈਲੀ ਵੀ ਕੀਤੀ ਜਾਵੇਗੀ। ਪੰਜਾਬ ਵਿੱਚੋਂ ਹਜ਼ਾਰਾਂ ਕਿਸਾਨ ਇਸ ਅੰਦੋਲਨ ਵਿੱਚ ਸ਼ਮੂਲੀਅਤ ਕਰਨਗੇ।