ਨਵੀਂ ਦਿੱਲੀ: ਕਿਸਾਨ ਅੰਦੋਲਨ ਦਾ ਅੱਜ 76ਵਾਂ ਦਿਨ ਹੈ ਪਰ ਕਿਸਾਨਾਂ ਤੇ ਸਰਕਾਰ ਵਿਚਾਲੇ ਪੇਚ ਅਜੇ ਵੀ ਜਾਰੀ ਹੈ। ਫਿਲਹਾਲ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ। ਸਰਕਾਰ ਤੇ ਕਿਸਾਨਾਂ ਵਿਚਾਲੇ ਗੱਲਬਾਤ ਦਾ ਸਿਲਸਿਲਾ  ਵੀ ਰੁਕਿਆ ਹੋਇਆ ਹੈ। ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਸਰਕਾਰ ਨੂੰ 2 ਅਕਤੂਬਰ 2021 ਤੱਕ ਦਾ ਸਮਾਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਉਹ ਆਪਣੀ ਅਗਲੀ ਰਣਨੀਤੀ ਉਲੀਕਣਗੇ।

ਸਰਕਾਰ ਵਾਰ ਵਾਰ ਖੇਤੀ ਕਾਨੂੰਨਾਂ ਵਿੱਚ ਸੋਧ ਕਰਨ ਦੀ ਗੱਲ ਕਰ ਰਹੀ ਹੈ। ਕੱਲ੍ਹ ਪ੍ਰਧਾਨ ਮੰਤਰੀ ਮੋਦੀ ਰਾਜ ਸਭਾ ਵਿੱਚ ਵੀ ਕਿਸਾਨਾਂ ਦੇ ਮੁੱਦੇ ਤੇ ਬੋਲੇ ਪਰ ਉਨ੍ਹਾਂ ਨੇ ਅੰਦੋਲਨਕਾਰੀਆਂ ਦਾ ਮਜ਼ਾਕ ਉਡਾਇਆ ਤੇ ਉਨ੍ਹਾਂ ਅੰਦੋਲਨਜੀਵੀ ਦੱਸਿਆ ਜੋ ਹਰ ਤਰ੍ਹਾਂ ਦੇ ਪ੍ਰਦਰਸ਼ਨ ਵੀ ਪਹੁੰਚ ਜਾਂਦੇ ਹਨ। ਉਨ੍ਹਾਂ ਸਰਕਾਰ ਦੀਆਂ ਕਈ ਸਕੀਮਾਂ ਦੱਸ ਕੇ ਆਪਣਾ ਭਾਸ਼ਣ ਮੁੱਕਾ ਦਿੱਤਾ ਪਰ ਕਿਸਾਨ ਅੰਦੋਲਨ ਖ਼ਤਮ ਕਿਦਾਂ ਹੋਏਗਾ ਇਸ ਦਾ ਕੋਈ ਰਾਹ ਨਹੀਂ ਦੱਸਿਆ। ਉਨ੍ਹਾਂ ਕਿਸਾਨਾਂ ਨੂੰ ਅੰਦੋਲਨ ਖ਼ਤਮ ਕਰਨ ਦੀ ਅਪੀਲ ਜ਼ਰੂਰ ਕੀਤੀ।

ਹਾਲਾਂਕਿ ਕਿਸਾਨ ਅਜੇ ਵੀ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਨ। ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਤਿੰਨਾਂ ਕਾਨੂੰਨਾਂ ਨੂੰ ਰੱਦ ਕਰ ਦੇਵੇ ਤੇ MSP ਨੂੰ ਕਾਨੂੰਨੀ ਰੂਪ ਦੇ ਦੇਵੇ। ਇਸ ਸਭ ਵਿਚਾਲੇ ਅੱਜ ਕਿਸਾਨ ਨੇਤਾ ਰਾਕੇਸ਼ ਟਿਕੈਤ ਹਰਿਆਣਾ ਦੇ ਕਰੁਕਸ਼ੇਤਰ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਵਿੱਚ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ ਉਹ ਐਤਵਾਰ ਨੂੰ ਚਰਖੀ ਦਾਦਰੀ ਵਿੱਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਨ ਪਹੁੰਚੇ ਸੀ।