ਅੰਮ੍ਰਿਤਸਰ: ਸੂਬੇ ਭਰ ਵਿੱਚ ਭਲਕੇ ਕਿਸਾਨ ਰੇਲਾਂ ਰੋਕ ਕੇ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨਗੇ। ਇਸ ਸਬੰਧੀ ਕਿਸਾਨ ਜਥੇਬੰਦੀਆਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ ਤੇ ਬਕਾਇਦਾ ਤੌਰ ‘ਤੇ ਅੰਮ੍ਰਿਤਸਰ ਜ਼ਿਲ੍ਹੇ ਦੀ ਰਾਣਾ ਸ਼ੂਗਰ ਮਿੱਲ ਦੇ ਬਾਹਰ ਸੰਕੇਤਕ ਧਰਨਾ ਸ਼ੁਰੂ ਕਰ ਦਿੱਤਾ ਹੈ ਜੋ ਪਿਛਲੇ ਦੋ ਦਿਨਾਂ ਤੋਂ ਜਾਰੀ ਹੈ। ਇਸ ਤੋਂ ਬਾਅਦ ਕਿਸਾਨ ਕਈ ਥਾਵਾਂ ‘ਤੇ ਰੇਲਾਂ ਰੋਕਣਗੇ। ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਵੱਲੋਂ ਸਰਕਾਰ ਨੂੰ ਇਸ ਸਬੰਧੀ ਅਲਟੀਮੇਟਮ ਦਿੱਤੇ ਜਾ ਰਹੇ ਸੀ। ਕਿਸਾਨਾਂ ਵੱਲੋਂ ਰੇਲਾਂ ਰੋਕਣ ਦੇ ਉਲੀਕੇ ਗਏ ਇਸ ਪ੍ਰੋਗਰਾਮ ਤੋਂ ਬਾਅਦ ਸਰਕਾਰ ਦੇ ਵੀ ਹੱਥ ਪੈਰ ਫੁੱਲਣੇ ਸ਼ੁਰੂ ਹੋ ਗਏ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਸਾਨਾਂ ਨਾਲ ਤਾਲਮੇਲ ਬਣਾਉਣਾ ਸ਼ੁਰੂ ਕਰ ਦਿੱਤਾ ਹੈ।
ਹਾਸਲ ਜਾਣਕਾਰੀ ਮੁਤਾਬਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੀਨੀਅਰ ਤੇ ਚੋਣਵੇਂ ਆਗੂਆਂ ਨੇ ਅੱਜ ਰਾਣਾ ਸ਼ੂਗਰ ਮਿਲ ਦੇ ਬਾਹਰ ਜਾਰੀ ਸੰਕੇਤਕ ਧਰਨੇ ਦੌਰਾਨ ਮੀਟਿੰਗ ਵੀ ਕੀਤੀ ਤੇ ਕੱਲ੍ਹ ਦੇ ਧਰਨੇ ਦੀ ਰੂਪ ਰੇਖਾ ਨੂੰ ਅੰਤਿਮ ਛੋਹਾਂ ਦਿੱਤੀਆਂ। ਇਸ ਦੇ ਨਾਲ ਹੀ ਚੱਲ ਰਹੇ ਧਰਨੇ ਵਿੱਚ ਸਰਕਾਰ ਖਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਕਿਸਾਨਾਂ ਨੇ ਕਿਹਾ ਕਿ ਸਰਕਾਰ ਨੇ ਜੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਇਸ ਸੰਘਰਸ਼ ਨੂੰ ਉਹ ਅੰਤਿਮ ਪੜਾਅ ਤੱਕ ਲੈ ਕੇ ਜਾਣਗੇ।
'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਨੇ ਦੱਸਿਆ ਕਿ ਰਾਣਾ ਸ਼ੂਗਰ ਮਿੱਲ ਦੇ ਬਾਹਰ ਸੰਕੇਤਕ ਧਰਨਾ ਸ਼ੁਰੂ ਕਰਨ ਦਾ ਮਕਸਦ ਗੰਨੇ ਦੇ ਭੁਗਤਾਨ ਨਾਲ ਜੁੜਿਆ ਬਕਾਇਆ ਹੈ। ਇਸ ਦੇ ਨਾਲ ਹੀ ਰਾਣਾ ਸ਼ੂਗਰ ਮਿੱਲ ਵੱਲੋਂ ਕੁਝ ਕਿਸਾਨਾਂ ਦੇ ਗੰਨੇ ਦੀ ਚੁਕਾਈ ਨੂੰ ਲੈ ਕੇ ਸਰਵੇ ਵਿੱਚ ਸ਼ਾਮਲ ਨਾ ਕੀਤਾ ਜਾਣਾ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ ਨੇ ਦੱਸਿਆ ਕਿ ਰਾਣਾ ਸ਼ੂਗਰ ਮਿਲ ਦੇ ਬਾਹਰ ਸ਼ੁਰੂ ਕੀਤਾ ਧਰਨਾ ਸਿਰਫ਼ ਇਸ ਕਰਕੇ ਸੰਕੇਤਕ ਹੈ ਕਿ ਸਰਕਾਰ ਕੱਲ੍ਹ ਨੂੰ ਇਹ ਨਾ ਕਹੇ ਕਿ ਉਨ੍ਹਾਂ ਨੂੰ ਇਸ ਸਬੰਧੀ ਕਿਸਾਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ।
ਵਰਿਆਮ ਨੰਗਲ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰ ਨੂੰ ਪਿਛਲੇ 15 ਦਿਨਾਂ ਤੋਂ ਅਲਟੀਮੇਟਮ ਦਿੱਤੇ ਹਨ। ਇਸ ਦੋ ਦਿਨਾਂ ਧਰਨੇ ਵਿੱਚ ਸਰਕਾਰ ਨੂੰ ਫਿਰ ਇੱਕ ਮੌਕਾ ਦਿੱਤਾ ਜਾ ਰਿਹਾ ਹੈ ਕਿ ਸਰਕਾਰ ਉਨ੍ਹਾਂ ਦੀ ਗੱਲ ਹਾਲੇ ਵੀ ਮੰਨ ਲਵੇ। ਕਿਸਾਨ ਆਗੂਆਂ ਨੇ ਦੱਸਿਆ ਕਿ ਜੇ ਭਲਕ ਤਕ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਨ੍ਹਾਂ ਕੋਲ ਫਿਰ ਹੋਰ ਕੋਈ ਰਸਤਾ ਨਹੀਂ ਹੋਵੇਗਾ ਤੇ ਮਜਬੂਰਨ ਉਨ੍ਹਾਂ ਨੂੰ ਰੇਲਾਂ ਰੋਕਣੀਆਂ ਪੈਣਗੀਆਂ। ਉਨ੍ਹਾਂ ਦੀਆਂ ਸਾਰੀਆਂ ਜਾਇਜ਼ ਹਨ, ਜਿਨ੍ਹਾਂ ਵਿੱਚ ਕਿਸਾਨਾਂ ਦੀ ਗੰਨੇ ਨਾਲ ਜੁੜੀ ਬਕਾਇਆ ਰਾਸ਼ੀ, ਗੰਨੇ ਦੀ ਸਬਸਿਡੀ, ਵੱਖ ਵੱਖ ਥਾਵਾਂ ਤੇ ਕਿਸਾਨਾਂ ਜ਼ਮੀਨ ਐਕਵਾਇਰ ਕਰਨ ਸਬੰਧੀ ਅਖਤਿਆਰ ਕੀਤੀ ਜਾ ਰਹੀ ਗਲਤ ਨੀਤੀ ਸਮੇਤ ਕਈ ਮੰਗਾਂ ਸ਼ਾਮਲ ਹਨ।
ਕਿਸਾਨ ਆਗੂਆਂ ਨੇ ਕਿਹਾ ਕਿ ਰਾਣਾ ਸ਼ੂਗਰ ਮਿੱਲ ਦੇ ਬਾਹਰ ਚੱਲ ਰਹੇ ਧਰਨੇ ਵਿੱਚ ਸਿਰਫ਼ ਚੋਣਵੇਂ ਆਗੂ ਤੇ ਪ੍ਰਤੀ ਪਿੰਡ ਇੱਕ ਇੱਕ ਆਗੂ ਨੂੰ ਬੁਲਾਇਆ ਗਿਆ ਹੈ ਤੇ ਭਲਕੇ ਤੋਂ ਹਰ ਪਿੰਡ ਦੇ ਵਿੱਚੋਂ ਜੰਗੀ ਪੱਧਰ ‘ਤੇ ਕਿਸਾਨ ਟਰਾਲੀਆਂ ਦੇ ਵਿੱਚ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਣਗੇ। ਕਿਸਾਨਾਂ ਨੇ ਨਾਲ ਹੀ ਲੋਕਾਂ ਨੇ ਹੋਣ ਵਾਲੀ ਖੱਜਲ ਖੁਆਰੀ ‘ਤੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਖੇਦ ਹੈ ਕਿ ਰੇਲਾਂ ਰੋਕਣ ਦੇ ਨਾਲ ਲੋਕਾਂ ਦੀ ਖੱਜਲ ਖੁਆਰੀ ਹੋਵੇਗੀ ਪਰ ਲੋਕਾਂ ਨੂੰ ਵੀ ਸਮਝਣਾ ਪਵੇਗਾ ਕਿ ਉਹ ਲੋਕਾਂ ਦੇ ਲਈ ਹੀ ਲੜ ਰਹੇ ਹਨ ਅਤੇ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਹੀ ਨਹੀਂ ਮੰਨ ਰਹੀ।