ਚੰਡੀਗੜ੍ਹ: ਜਲਦ ਹੀ ਪੰਜਾਬ ਦੇ ਕਿਸਾਨ ਇੰਡੀਅਨ ਆਇਲ ਦੇ ਰਿਟੇਲ ਆਊਟਲੈਟ 'ਤੇ ਉਧਾਰ ਵਿੱਚ ਡੀਜ਼ਲ ਤੇ ਪੈਟਰੋਲ ਲੈ ਸਕਣਗੇ। ਸਹੂਲਤ ਮੁਤਾਬਕ ਕਿਸਾਨ ਪੈਸਿਆਂ ਦੀ ਅਦਾਇਗੀ ਫਸਲ ਆਉਣ ਤੋਂ ਬਾਅਦ ਕਰ ਸਕਦੇ ਹਨ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸਰਕਾਰ ਦਾ ਇੰਡੀਅਨ ਆਇਲ ਨਾਲ ਕਰਾਰ ਹੋਇਆ ਹੈ। ਇੰਡੀਅਨ ਆਇਲ ਨਿਗਮ ਪੰਜਾਬ ਵਿੱਚ ਸਹਿਕਾਰੀ ਸੰਸਥਾਵਾਂ ਦੀ ਖਾਲੀ ਜ਼ਮੀਨ 'ਤੇ ਆਪਣੇ ਰਿਟੇਲ ਆਊਟਲੈਟ ਖੋਲ੍ਹੇਗਾ।


ਕਿਸਾਨਾਂ ਨੂੰ ਫਾਇਦਾ ਦੇਣ ਲਈ ਸਹਿਕਾਰੀ ਸੰਸਥਾਵਾਂ ਮਾਰਕਫੈਡ, ਮਿਲਕਫੈਡ, ਸ਼ੂਗਰਫੈਡ ਤੇ ਪੇਂਡੂ ਖੇਤੀ ਸੁਸਾਈਟੀਆਂ ਦੀ ਖਾਲੀ ਪਈ ਜ਼ਮੀਨ 'ਤੇ ਪੰਪ ਖੋਲ੍ਹੇ ਜਾਣਗੇ। ਇਨ੍ਹਾਂ ਰਿਟੇਲ ਆਊਟਲੈਟਸ ਲਈ ਪੂੰਜੀ ਦਾ ਨਿਵੇਸ਼ ਇੰਡੀਅਨ ਆਇਲ ਨਿਗਮ ਕਰੇਗਾ।

ਰੰਧਾਵਾ ਨੇ ਦੱਸਿਆ ਕਿ ਖੰਡ ਮਿੱਲਾਂ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਮਿੱਲਾਂ ਵਿੱਚ ਹੀ ਉਧਾਰ ਤੇਲ ਦੀ ਸਪਲਾਈ ਕੀਤੀ ਜਾਏਗੀ। ਫਿਲਹਾਲ ਪਹਿਲੇ ਗੇੜ ਵਿੱਚ 15 ਥਾਈਂ ਆਊਟਲੈਟ ਖੋਲ੍ਹੇ ਜਾ ਰਹੇ ਹਨ। ਇੰਡੀਅਨ ਆਇਲ ਦੇ ਅਧਿਕਾਰੀ ਸੁਜਾਏ ਚੌਧਰੀ ਨੇ ਦੱਸਿਆ ਕਿ ਪੰਜਾਬ ਕਿਸਾਨਾਂ ਲਈ ਇਸ ਤਰ੍ਹਾਂ ਦੀ ਪਹਿਲ ਸ਼ੁਰੂ ਕਰਨ ਵਾਲਾ ਪਹਿਲਾ ਸੂਬਾ ਹੈ।