ਨਵੀਂ ਦਿੱਲੀ: Pradhan Mantri Fasal Bima Yojana: ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਉਨ੍ਹਾਂ ਕਿਸਾਨਾਂ ਲਈ ਕਾਫੀ ਫਾਇਦੇਮੰਦ ਹੈ ਜਿਨ੍ਹਾਂ ਦੀਆਂ ਫਸਲਾਂ ਕੁਦਰਤੀ ਆਫਤਾਂ ਕਾਰਨ ਤਬਾਹ ਹੋ ਜਾਂਦੀਆਂ ਹਨ। ਇਹ ਯੋਜਨਾ ਪ੍ਰੀਮੀਅਮ ਦਾ ਬੋਝ ਘੱਟ ਕਰਨ 'ਚ ਮਦਦ ਕਰੇਗੀ ਤੇ ਜੋ ਕਿਸਾਨ ਆਪਣੀ ਖੇਤੀ ਲਈ ਕਰਜ਼ ਲੈਂਦੇ ਹਨ ਤੇ ਖਰਾਬ ਮੌਸਮ ਨਾਲ ਫਸਲਾਂ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਏਗੀ।


ਇਹ ਯੋਜਨਾ ਭਾਰਤ ਦੇ ਹਰ ਸੂਬੇ 'ਚ ਸਬੰਧਤ ਸੂਬਾ ਸਰਕਾਰਾਂ ਦੇ ਨਾਲ ਮਿਲ ਕੇ ਲਾਗੂ ਕੀਤੀ ਗਈ ਹੈ। ਇਸ ਯੋਜਨਾ ਤਹਿਤ ਖਾਧ ਫਸਲ ਜਿਵੇਂ ਅਨਾਜ, ਬਾਜਰਾ ਤੇ ਦਾਲਾਂ, ਤਿਲਹਨ, ਸਾਲਾਨਾ ਬਾਗਬਾਨੀ ਦੀਆਂ ਫਸਲਾਂ ਦੀ ਕਵਰੇਜ਼ ਕੀਤੀ ਜਾਵੇਗੀ।


ਯੋਜਨਾ ਦੇ ਮੁੱਖ ਮੰਤਵ


ਕਿਸਾਨਾਂ ਨੂੰ ਸਾਰੀਆਂ ਖਰੀਫ ਫਸਲਾਂ ਲਈ ਸਿਰਫ਼ 2 ਫੀਸਦ ਤੇ ਸਾਰੀਆਂ ਰੱਬੀ ਫਸਲਾਂ ਲਈ 1.5 ਫੀਸਦ ਦਾ ਇੱਕ ਸਮਾਨ ਪ੍ਰੀਮੀਅਮ ਦਾ ਭੁਗਤਾਨ ਕਰਨਾ ਹੈ। ਵਪਾਰਕ ਤੇ ਬਾਗਬਾਨੀ ਫਸਲਾਂ ਦੇ ਮਾਮਲੇ 'ਚ ਪ੍ਰੀਮੀਅਮ 5 ਫੀਸਦ ਹੋਵੇਗਾ। ਬਾਕੀ ਪ੍ਰੀਮੀਅਮ ਦਾ ਭੁਗਤਾਨ ਸਰਕਾਰ ਵੱਲੋਂ ਕੀਤਾ ਜਾਵੇਗਾ ਤਾਂ ਕਿ ਕਿਸੇ ਤਰ੍ਹਾਂ ਦੀ ਕੁਦਰਤੀ ਆਫਤ 'ਚ ਫਸਲ ਹਾਨੀ ਲਈ ਕਿਸਾਨਾਂ ਨੂੰ ਪੂਰਨ ਬੀਮਾ ਰਾਸ਼ੀ ਦਿੱਤੀ ਜਾ ਸਕੇ। ਇਸ ਤੋਂ ਪਹਿਲਾਂ ਪ੍ਰੀਮੀਅਮ ਦਰ 'ਤੇ ਕੈਂਪਿੰਗ ਦਾ ਪ੍ਰਬੰਧ ਸੀ, ਜਿਸ ਨਾਲ ਕਿਸਾਨਾਂ ਨੂੰ ਘੱਟ ਦਾਅਵੇ ਦਾ ਭੁਗਤਾਨ ਹੁੰਦਾ ਸੀ।


ਜ਼ੋਖਮ ਦੀ ਭਰਪਾਈ


ਖੜੀ ਫਸਲ ਦੌਰਾਨ ਕਈ ਖੇਤਰਾਂ 'ਚ ਘੱਟ ਬਾਰਸ਼ ਜਾਂ ਪ੍ਰਤੀਕੂਲ ਮੌਸਮੀ ਹਾਲਾਤਾਂ ਕਾਰਨ ਰੁਕਾਵਟ ਹੋਣ 'ਤੇ। ਇਸ ਤੋਂ ਇਲਾਵਾ ਨਾ ਰੋਕੇ ਜਾ ਸਕਣ ਵਾਲੇ ਜ਼ੋਖਮ ਜਿਵੇਂ ਸੋਕਾ, ਕਾਲ, ਹੜ੍ਹ, ਸੈਲਾਬ, ਕੀਟ ਤੇ ਰੋਗ, ਜ਼ਮੀਨ ਖਿਸਕਣ, ਕੁਦਰਤੀ ਅੱਗ ਤੇ ਬਿਜਲੀ, ਤੂਫਾਨ, ਗੜੇ, ਚੱਕਰਵਾਤ, ਹਨ੍ਹੇਰੀ, ਤੂਫਾਨ ਆਦਿ ਕਾਰਨ ਉਪਜ ਦਾ ਨੁਕਸਾਨ ਹੋਣ 'ਤੇ।


ਕਟਾਈ ਉਪਰੰਤ ਨੁਕਸਾਨ: ਫਸਲ ਕਟਾਈ ਤੋਂ ਬਾਅਦ ਚੱਕਰਵਾਤ, ਚੱਕਰਵਾਤੀ ਬਾਰਸ਼ ਤੇ ਬੇਮੌਸਮ ਬਾਰਸ਼ ਦੇ ਵੱਖ-ਵੱਖ ਖਤਰਿਆਂ ਨਾਲ ਉਤਪੰਨ ਹਾਲਾਤ ਲਈ ਕਟਾਈ ਨਾਲ ਜ਼ਿਆਦਾ ਤੋਂ ਜ਼ਿਆਦਾ ਦੋ ਹਫ਼ਤਿਆਂ ਦੀ ਮਿਆਦ ਲਈ ਕਵਰੇਜ ਉਲਪਬਧ ਹੈ।


ਕਿਹੜੇ ਦਸਤਾਵੇਜ਼ਾਂ ਦੀ ਲੋੜ ਹੈ
ਕਿਸਾਨ ਦੀ ਇਕ ਫੋਟੋ ਕਿਸਾਨ ਦਾ ਆਈਡੀ ਕਾਰਡ (ਪੈਨ ਕਾਰਡ, ਡ੍ਰਾਇਵਿੰਗ ਲਾਇਸੈਂਸ, ਵੋਟਰ ਆਈਡੀ ਕਾਰਡ, ਪਾਸਪੋਰਟ, ਆਧਾਰ ਕਾਰਡ), ਕਿਸਾਨ ਦਾ ਐਡਰੈਸ ਪਰੂਫ, ਜੇਕਰ ਖੇਤ ਤੁਹਾਡਾ ਆਪਣਾ ਹੈ ਤਾਂ ਇਸ ਦਾ ਖਸਰਾ ਨੰਬਰ/ਖਾਤਾ ਨੰਬਰ ਦੇ ਪੇਪਰ ਨਾਲ ਰੱਖੋ।


ਖੇਤ 'ਚ ਫਸਲ ਬੀਜੀ ਹੈ ਤਾਂ ਇਸ ਦਾ ਸਬੂਤ ਪੇਸ਼ ਕਰਨਾ ਹੋਵੇਗਾ। ਇਸ ਦੇ ਸਬੂਤ ਦੇ ਤੌਰ 'ਤੇ ਕਿਸਾਨ ਪਟਵਾਰੀ, ਸਰਪੰਚ, ਪ੍ਰਧਾਨ ਜਿਹੇ ਲੋਕਾਂ ਤੋਂ ਇਕ ਚਿੱਠੀ ਲਿਖਵਾ ਕੇ ਲੈ ਸਕਦੇ ਹੋ। ਜੇਕਰ ਖੇਤ ਠੇਕੇ ਤੇ ਲੈਕੇ ਫਸਲ ਬੀਜੀ ਗਈ ਹੈ ਤਾਂ ਖੇਤ ਦੇ ਮਾਲਕ ਨਾਲ ਕਰਾਰ ਦੀ ਕਾਪੀ ਦੀ ਫੋਟੋਕਾਪੀ ਜ਼ਰੂਰ ਲੈ ਜਾਓ। ਇਸ 'ਚ ਖੇਤ ਦਾ ਖਾਤਾ/ਖਸਰਾ ਨੰਬਰ ਸਾਫ ਤੌਰ 'ਤੇ ਲਿਖਿਆ ਹੋਣਾ ਚਾਹੀਦਾ ਹੈ। ਫਸਲ ਨੂੰ ਨੁਕਸਾਨ ਹੋਣ ਦੀ ਸਥਿਤੀ 'ਚ ਪੈਸਾ ਸਿੱਧਾ ਤੁਹਾਡੇ ਬੈਂਕ ਖਾਤੇ 'ਚ ਪਾਉਣ ਲਈ ਇਕ ਕੈਂਸਲ ਚੈੱਕ ਲਾਉਣਾ ਜ਼ਰੂਰੀ ਹੈ।