ਫਤਹਿਗੜ੍ਹ ਸਾਹਿਬ: ਜਿੱਥੇ ਇਕ ਪਾਸੇ ਹਵਾ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਰੋਕਣ ਲਈ ਨੈਸ਼ਨਲ ਗਰੀਨ ਟਰਬਿਊਨਲ ਵਲੋਂ ਸਰਕਾਰ ਨੂੰ ਫ਼ਸਲ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੇ ਆਦੇਸ਼ ਜਾਰੀ ਕੀਤੇ ਗਏ ਸਨ, ਉੱਥੇ ਹੀ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ NGT ਦੇ ਆਦੇਸ਼ਾਂ ਨੂੰ ਠੇਂਗਾ ਵਿਖਾ ਕਿਸਾਨਾਂ ਨੇ ਖੁੱਲ੍ਹ ਕੇ ਪਰਾਲੀ ਨੂੰ ਅੱਗ ਲਾਈ। ਡੀਸੀ ਨੇ ਦਾਅਵਾ ਕੀਤਾ ਕਿ ਜ਼ਿਲ੍ਹੇ 'ਚ 300 ਦੇ ਕਰੀਬ ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ।


ਖੇਤਾਂ 'ਚ ਅੱਗ ਲਾ ਰਹੇ ਕਿਸਾਨ ਜਰਨੈਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਛੋਟੇ ਕਿਸਾਨ ਪਰਾਲੀ ਨੂੰ ਅੱਗ ਲਗਾਉਣਗੇ ਹੀ, ਉਨ੍ਹਾਂ ਕੋਲ ਹੋਰ ਕੋਈ ਚਾਰਾ ਨਹੀਂ ਹੈ, ਕਿਉਕਿ ਝੋਨੇ ਦੀ ਪਰਾਲੀ ਨੂੰ ਜੇ ਅੱਗ ਨਹੀਂ ਲਗਾਉਂਦੇ ਤਾਂ ਖਰਚ ਬਹੁਤ ਹੁੰਦਾ ਹੈ। ਕੋਈ ਵੀ ਛੋਟਾ ਕਿਸਾਨ ਹੈਪੀ ਸੀਡਰ ਨਹੀਂ ਲੈ ਸਕਦਾ। ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣਾ ਉਨ੍ਹਾਂ ਦੀ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਜਦ ਵੋਟਾਂ ਹੁੰਦੀਆਂ ਹਨ ਤਦ ਐਮਐਲਏ, ਐਮਪੀ ਵੋਟਾਂ ਮੰਗਣ ਆਉਂਦੇ ਹਨ ਪਰ ਵੱਡੇ-ਵੱਡੇ ਵਾਅਦੇ ਕਰ ਕੇ ਫਿਰ ਮੁੜ ਨਹੀਂ ਆਉਂਦੇ ਤੇ ਕਿਸਾਨਾਂ ਲਈ ਕੁਝ ਨਹੀਂ ਕਰਦੇ।


ਫਤਿਹਗੜ੍ਹ ਸਾਹਿਬ ਦੇ ਡੀਸੀ ਪ੍ਰਸ਼ਾਂਤ ਗੋਇਲ ਨੇ ਕਿਹਾ ਕਿ ਉਹ ਕਿਸਾਨਾਂ ਨੂੰ ਅਪੀਲ ਕਰਦੇ ਹਨ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਕਿਉਂਕਿ ਇਹ ਇਨਸਾਨ ਲਈ ਨੁਕਸਾਨਦੇਹ ਹੈ। ਪਰਾਲੀ ਨੂੰ ਅੱਗ ਨਾ ਲਗਾਉਣ ਦੇ ਲਈ ਸਰਕਾਰ ਵੱਲੋਂ ਮਸ਼ੀਨਾਂ 'ਤੇ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ਵਿੱਚ 300 ਦੇ ਕਰੀਬ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦੀ ਜਾਂਚ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਕਾਰਵਾਈ ਵੀ ਕੀਤੀ ਜਾਵੇਗੀ।