ਮੋਗਾ: ਜ਼ਿਲ੍ਹੇ ਦੇ ਕਸਬਾ ਧਰਮਕੋਟ 'ਚ ਢੋਲੇਵਾਲਾ ਰੋਡ 'ਤੇ ਪਿੰਡ ਕੈਲਾ ਨੇੜੇ ਕਣਕ ਦੀ ਪੱਕੀ ਫ਼ਸਲ ਤੇ ਨਾੜ ਨੂੰ ਅੱਗ ਲੱਗ ਲਈ। ਅੱਗ ਕਾਰਨ ਕਰੀਬ 20 ਏਕੜ ਕਣਕ ਦੀ ਪੱਕੀ ਫ਼ਸਲ ਤੇ 200 ਦੇ ਕਰੀਬ ਨਾੜ ਸੜ ਕੇ ਸੁਆਹ ਹੋ ਗਿਆ।

ਬੇਸ਼ੱਕ ਇਸ ਘਟਨਾ ਵਿੱਚ ਕਿਸਾਨਾਂ ਦਾ ਮਾਲੀ ਨੁਕਸਾਨ ਕਾਫੀ ਹੋਇਆ ਪਰ ਰਾਹਤ ਦੀ ਗੱਲ ਇਹ ਰਹੀ ਕਿ ਅੱਗ ਖੇਤਾਂ ਵਿਚਲੇ ਘਰਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਸਕਦੀ ਸੀ। ਕਿਸਾਨ ਸ਼ਮਸ਼ੇਰ ਸਿੰਘ ਦੇ ਘਰ ਨੂੰ ਲੋਕਾਂ ਨੇ ਬੜੀ ਮੁਸ਼ਕਿਲ ਬਚਾਇਆ। ਲੋਕਾਂ ਨੇ ਰਲ ਮਿਲ ਕੇ ਮਸੀਂ ਉਨ੍ਹਾਂ ਦੇ ਮਾਲ-ਡੰਗਰ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ।

ਪ੍ਰਾਪਤ ਜਾਣਕਾਰੀ ਮੁਤਾਬਕ ਕਿਸਾਨ ਖੇਤਾਂ ਵਿੱਚ ਤੂੜੀ ਬਣਾ ਰਹੇ ਸਨ ਕਿ ਅਚਾਨਕ ਰੀਪਰ 'ਚੋਂ ਨਿੱਕਲੀ ਚੰਗਿਆੜੀ ਨਾਲ ਨਾੜ ਨੂੰ ਅੱਗ ਲੱਗ ਗਈ। ਤੇਜ਼ ਹਵਾ ਚੱਲਦੀ ਹੋਣ ਕਾਰਨ ਅੱਗ ਤੇਜ਼ੀ ਨਾਲ ਅੱਗੇ ਦੀ ਅੱਗੇ ਵਧਦੀ ਗਈ। ਪਿੰਡ ਵਾਸੀਆਂ ਲੰਮੇ ਸਮੇਂ ਬਾਅਦ ਰਲ ਮਿਲ ਕੇ ਅੱਗ ਨੂੰ ਬੜੀ ਮੁਸ਼ਕਿਲ ਨਾਲ ਰੋਕਿਆ।