ਹੁਸ਼ਿਆਰਪੁਰ: ਟਾਂਡਾ ਨੇੜਲੇ ਪਿੰਡ ਬੈਂਸ ਅਵਾਣ ਦੇ ਖੇਤਾਂ ਵਿੱਚ ਲੱਗੀ ਅੱਗ ਕਿਸਾਨਾਂ ਦੇ ਸੁਫਨੇ ਚਕਨਾਚੂਰ ਕਰ ਦਿੱਤੇ। ਅੱਗ ਨੇ ਕਣਕ ਦੀ ਪੱਕੀ ਫਸਲ ਤਬਾਹ ਕਰਨ ਦੇ ਨਾਲ-ਨਾਲ ਸੈਂਕੜੇ ਏਕੜ ਨਾੜ ਨੂੰ ਆਪਣੇ ਘੇਰੇ ਵਿੱਚ ਲੈ ਲਿਆ। ਇਸ ਨਾਲ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਦਾਅਵਾ ਕੀਤਾ ਕਿ ਕਿਸਾਨਾਂ ਨੂੰ ਨੁਕਸਾਨ ਦਾ ਜਲਦ ਹੀ ਮੁਆਵਜ਼ਾ ਦਿਵਾਇਆ ਜਾਵੇਗਾ।

ਕਿਸਾਨਾਂ ਨੇ ਦੱਸਿਆ ਕਿ ਅੱਗ ਨਾਲ ਕਰੀਬ 25 ਕਣਕ ਦੀ ਫਸਲ ਤੇ ਸੈਂਕੜੇ ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਵੀਰਾਵਰ ਬਾਅਦ ਦੁਪਹਿਰ ਲੱਗੀ ਅੱਗ ਨੇ ਤੇਜ਼ ਹਵਾ ਕਾਰਨ ਦੇਖਦੇ ਹੀ ਦੇਖਦੇ ਬੈਂਸ ਅਵਾਣ, ਮਿਆਣੀ, ਭੂਲਪੁਰ ਪਿੰਡਾਂ ਦੇ ਕਿਸਾਨਾਂ ਦੇ ਖੇਤਾਂ ਨੂੰ ਲਪੇਟ ਵਿੱਚ ਲੈ ਲਿਆ।

ਪਿੰਡ ਵਾਸੀਆਂ ਨੇ ਬੜੀ ਮਿਹਨਤ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਭਿਆਨਕ ਅੱਗ ਅੱਗੇ ਉਹ ਬੇਬੱਸ ਦਿਸੇ। ਅੱਗ ਨੇ ਦੋ ਘੰਟਿਆਂ ਤੋਂ ਜ਼ਿਆਦਾ ਸਮੇਂ ਤੱਕ ਤਬਾਹੀ ਮਚਾਈ ਰੱਖੀ ਬਾਅਦ ਵਿੱਚ ਦਸੂਹਾ ਤੋਂ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਨੇ ਆ ਕੇ ਅੱਗ ’ਤੇ ਕਾਬੂ ਪਾਇਆ।