ਚੰਡੀਗੜ੍ਹ: ਕੇਂਦਰ ਸਰਕਾਰ ਨੇ ਫਸਲਾਂ ਦੇ ਭਾਅ ਵਿੱਚ ਵਾਧੇ ਦੇ ਨਾਲ ਹੀ ਖਾਦਾਂ ਦੇ ਰੇਟ ਵੀ ਵਧਾ ਦਿੱਤੇ ਹਨ। ਡੀਏਪੀ ਖਾਦ ਦੇ ਥੈਲੇ ਦੀ ਕੀਮਤ ਵਿੱਚ 140 ਰੁਪਏ ਦਾ ਵਾਧਾ ਕੀਤਾ ਗਿਆ ਹੈ। ਹੁਣ ਇਹ 1250 ਰੁਪਏ ਤੋਂ 1390 ਰੁਪਏ ਹੋ ਗਿਆ ਹੈ। ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਹੈ।
'ਆਪ' ਦਾ ਕਹਿਣਾ ਹੈ ਕਿ ਕਣਕ ਦੀ ਬਿਜਾਈ ਤੋਂ ਪਹਿਲਾਂ ਡੀਏਪੀ ਖਾਦ ਦੀ ਕੀਮਤ 'ਚ ਭਾਰੀ ਵਾਧਾ ਕਿਸਾਨਾਂ ਲਈ ਵੱਡਾ ਝਟਕਾ ਹੈ। ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਸੂਬਾ ਤੇ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਕਦਮ-ਕਦਮ 'ਤੇ ਮਾਰਨ ਲੱਗੀਆਂ ਹੋਈਆਂ ਹਨ, ਜਦਕਿ ਕਿਸਾਨੀ ਪਹਿਲਾਂ ਹੀ ਕਰਜ਼ ਦੇ ਬੋਝ ਅਤੇ ਗੰਭੀਰ ਆਰਥਿਕ ਸੰਕਟ 'ਚ ਗੁਜ਼ਰ ਰਹੀ ਹੈ।
'ਆਪ' ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇੱਕੋ ਝਟਕੇ ਨਾਲ ਡੀਏਪੀ ਖਾਦ ਪ੍ਰਤੀ ਥੈਲਾ 140 ਰੁਪਏ ਮਹਿੰਗੀ ਕਰਨ ਵਾਲੀ ਸਰਕਾਰ ਕਿਸਾਨਾਂ ਨਾਲ ਕਿਹੜੀ ਦੁਸ਼ਮਣੀ ਕੱਢ ਰਹੀ ਹੈ? ਚੀਮਾ ਨੇ ਕਿਹਾ ਕਿ ਸਿਰਫ਼ ਡੀਏਪੀ ਖਾਦ ਮਹਿੰਗੀ ਕਰਨ ਨਾਲ ਹੀ ਪੰਜਾਬ ਦੇ ਕਿਸਾਨਾਂ 'ਤੇ ਸਵਾ 200 ਕਰੋੜ ਰੁਪਏ ਦਾ ਵਾਧੂ ਵਿੱਤੀ ਬੋਝ ਪਵੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਵੱਡਾ ਧੱਕਾ ਕੀ ਹੋਵੇਗਾ ਕਿ 50 ਕਿੱਲੋ ਦਾ ਡੀਏਪੀ ਦਾ ਥੈਲਾ ਕਰੀਬ 11 ਪ੍ਰਤੀਸ਼ਤ ਵਾਧੇ ਨਾਲ 1250 ਰੁਪਏ ਤੋਂ 1390 ਰੁਪਏ ਕਰ ਦਿੱਤਾ ਹੈ ਜਦਕਿ ਸਵਾਮੀਨਾਥਨ ਸਿਫ਼ਾਰਸ਼ਾਂ ਨੂੰ ਤਿਲਾਂਜਲੀ ਦਿੰਦਿਆਂ ਕਣਕ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) 'ਚ ਪ੍ਰਤੀ ਕੁਵਿੰਟਲ ਮਹਿਜ਼ 6 ਪ੍ਰਤੀਸ਼ਤ ਵਾਧੇ ਨਾਲ 1735 ਰੁਪਏ ਤੋਂ 1840 ਰੁਪਏ ਕੀਤੀ ਹੈ।