ਪਠਾਨਕੋਟ: ਪੰਜਾਬ ਦਾ ਇੱਕ ਅਜਿਹਾ ਜ਼ਿਲ੍ਹਾ ਪਠਾਨਕੋਟ ਹੈ ਜਿੱਥੇ ਕਿਸਾਨਾਂ ਨੇ ਦੋ ਸਾਲ ਵਿੱਚ ਇੱਕ ਵਾਰ ਵੀ ਪਰਾਲੀ ਨੂੰ ਅੱਗ ਨਾ ਲਾ ਕੇ ਕਰੋੜਾਂ ਦੀ ਕਮਾਈ ਕੀਤੀ ਹੈ। ਪਠਾਨਕੋਟ ਦੇ ਕਿਸਾਨ ਪਰਾਲੀ ਦੇ ਨਿਬੇੜੇ ਦੇ ਵੱਖ-ਵੱਖ ਢੰਗ ਵਰਤਦੇ ਹਨ, ਪਰ ਜ਼ਿਆਦਾਤਰ ਪਰਾਲੀ ਦੀ ਖਪਤ ਪਸ਼ੂਆਂ ਦੇ ਚਾਰੇ ਵਜੋਂ ਹੁੰਦੀ ਹੈ।
ਪਠਾਨਕੋਟ ਵਿੱਟ 27,000 ਹੈਕਟੇਅਰ 'ਤੇ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ। ਹਰ ਸੀਜ਼ਨ ਵਿੱਚ 1.35 ਲੱਖ ਟਨ ਪਰਾਲੀ ਬਣਦੀ ਹੈ, ਜੋ ਜ਼ਿਲ੍ਹੇ ਦੇ ਇੱਕ ਲੱਖ ਤੋਂ ਜ਼ਿਆਦਾ ਪਸ਼ੂਆਂ ਦਾ ਚਾਰਾ ਬਣਦੀ ਹੈ। ਇਨ੍ਹਾਂ ਪਸ਼ੂਆਂ ਨੂੰ ਸੱਤ ਲੱਖ ਟਨ ਤੋਂ ਵੱਧ ਚਾਰੇ ਦੀ ਲੋੜ ਹੁੰਦੀ ਹੈ। ਜ਼ਿਲ੍ਹੇ ਵਿੱਚ ਪੈਦਾ ਹੋਣ ਵਾਲੀ ਪਰਾਲੀ ਆਸਾਨੀ ਨਾਲ ਵਰਤੀ ਜਾਂਦੀ ਹੈ।
ਪਿਛਲੇ ਸਾਲ ਕਿਸਾਨਾਂ ਨੇ ਝੋਨੇ ਦੀ ਪਰਾਲੀ ਨੂੰ 4,000 ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਪਸ਼ੂ ਪਾਲਕਾਂ ਨੂੰ ਵੇਚਿਆ। ਇਸ ਹਿਸਾਬ ਨਾਲ ਜ਼ਿਲ੍ਹੇ ਦੇ ਕਿਸਾਨਾਂ ਨੂੰ ਕੁੱਲ 11 ਕਰੋੜ ਰੁਪਏ ਦੀ ਕਮਾਈ ਹੋਈ ਸੀ। ਪਠਾਨਕੋਟ ਦੀਆਂ 70 ਪੰਚਾਇਤਾਂ ਨੇ ਪਰਾਲੀ ਨਾ ਸਾੜਨ ਦਾ ਮਤਾ ਵੀ ਪਾਸ ਕੀਤਾ ਹੋਇਆ ਹੈ, ਜਿਸ ਦਾ ਸਕਾਰਾਤਮਕ ਅਸਰ ਵੇਖਣ ਨੂੰ ਮਿਲ ਰਿਹਾ ਹੈ।
ਬਲਾਕ ਖੇਤੀਬਾੜੀ ਅਧਿਕਾਰੀ ਡਾ. ਅਮਰੀਕ ਸਿੰਘ ਨੇ ਕਿਹਾ ਕਿ ਪਰਾਲੀ ਖੇਤ ਦੀ ਤਾਕਤ ਵਧਾਉਣ ਨਾਲ ਕਮਾਈ ਤੇ ਬਚਤ ਦਾ ਵਧੀਆ ਸਾਧਨ ਹੈ। ਉਨ੍ਹਾਂ ਕਿਹਾ ਕਿ ਪਰਾਲੀ ਵੇਚ ਕੇ ਕਿਸਾਨ ਜਿੱਥੇ ਕਮਾਈ ਕਰ ਸਕਦੇ ਹਨ, ਉੱਥੇ ਹੀ ਰਹਿੰਦ-ਖੂਹੰਦ ਖੇਤ ਵਿੱਚ ਹੀ ਮਿਲਾਉਣ ਨਾਲ ਪੋਟਾਸ਼ੀਅਮ, ਸਲਫ਼ਰ, ਫਾਸਫੋਰਸ ਜਿਹੇ ਪਦਾਰਥ ਮਿਲਦੇ ਹਨ ਤੇ ਰਸਾਇਣਿਕ ਖਾਦਾਂ ਦੀ ਵਰਤੋਂ ਵਿੱਚ ਕਮੀ ਆਉਂਦੀ ਹੈ।