ਮਾਨਸਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਕੈਪਟਨ ਸਰਕਾਰ 'ਤੇ ਦੋਸ਼ ਲਾਏ ਹਨ ਕਿ ਉਨ੍ਹਾਂ ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲ ਕੇ ਰੱਖ ਦਿੱਤਾ ਹੈ। ਬਾਦਲ ਨੇ ਮੰਡੀਆਂ ਵਿੱਚ ਮਾੜੇ ਪ੍ਰਬੰਧਾਂ ਪਿੱਛੇ ਕੈਪਟਨ ਸਰਕਾਰ ਨੂੰ ਖ਼ੂਬ ਰਗੜੇ ਲਾਏ।

ਆਪਣੇ ਸੰਸਦੀ ਹਲਕੇ ਦੇ ਕਸਬੇ ਬੁਢਲਾਡਾ ਦੇ ਪਿੰਡਾਂ ਦਾ ਦੌਰਾ ਕਰਨ ਆਈ ਹਰਸਿਮਰਤ ਬਾਦਲ ਨੇ ਕਿਹਾ ਕਿ ਪਹਿਲਾਂ ਕਿਸਾਨਾਂ ਦੀ ਨਮੀ ਦੇ ਨਾਂਅ ‘ਤੇ ਲੁੱਟ ਖਸੁੱਟ ਕੀਤੀ ਗਈ ਤੇ ਹੁਣ ਮੰਡੀਆਂ ਵਿੱਚ ਕਣਕਾਂ ਦੇ ਢੇਰ ਲੱਗੇ ਪਏ ਹਨ ਤੇ ਕੋਈ ਚੁੱਕਣ ਵਾਲਾ ਨਹੀਂ ਹੈ। ਉਨ੍ਹਾਂ ਮੁੱਖ ਮੰਤਰੀ 'ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਕੈਪਟਨ ਫ਼ੋਟੋ ਖਿੱਚਵਾ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ ਪਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੋਈ ਨਹੀਂ ਕਰ ਰਿਹਾ।

ਹਰਸਿਮਰਤ ਬਾਦਲ ਨੇ ਕਿਹਾ ਕਿ ਕੈਪਟਨ ਨੂੰ ਚਾਹੀਦਾ ਹੈ ਕਿ ਆਪਣੇ 13 ਲੋਕ ਸਭਾ ਉਮੀਦਵਾਰਾਂ ਤੋਂ ਹੀ ਰਿਪੋਰਟ ਲੈ ਲਿਆ ਕਰਨ ਤਾਂ ਜੋ ਉਨ੍ਹਾਂ ਨੂੰ ਮੰਡੀਆਂ ਦੀ ਅਸਲ ਹਕੀਕਤ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਬਾਦਲ ਸਰਕਾਰ ਸਮੇਂ ਚੱਲਦੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ, ਜਿਸ ਦਾ ਜਵਾਬ ਲੋਕ 19 ਮਈ ਨੂੰ ਦੇਣਗੇ।