ਰੋਹਤਕ: ਹਰਿਆਣਾ ਦੇ ਖੇਤੀ ਮੰਤਰੀ ਜੇਪੀ ਦਲਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਸਰਕਾਰ ਸੋਧ ਤੇ ਗੱਲਬਾਤ ਨਾਲ ਹੱਲ ਕਰਨ ਲਈ ਤਿਆਰ ਹੈ ਪਰ ਬੀਜੇਪੀ ਲੀਡਰਾਂ ਜਾਂ ਮੰਤਰੀਆਂ ਦਾ ਵਿਰੋਧ ਕਰਨ ਨਾਲ ਕਿਸਾਨਾਂ ਨੂੰ ਨਹੀਂ ਸਿਰਫ਼ ਕਾਂਗਰਸ ਨੂੰ ਫਾਇਦਾ ਹੋਵੇਗਾ। ਜੇਪੀ ਦਲਾਲ ਨੇ ਇਹ ਵੀ ਕਿਹਾ ਕਿ ਹਰਿਆਣਾ ਦੀ ਪਿਆਸ ਐਸਵਾਈਐਲ ਦੇ ਪਾਣੀ ਨਾਲ ਹੀ ਬੁੱਝੇਗੀ। ਇਸ ਦੇ ਨਾਲ ਹੀ ਉਨ੍ਹਾਂ ਫਸਲਾਂ 'ਤੇ ਟ੍ਰੈਕਟਰ ਚਲਾਉਣ ਨੂੰ ਗਲਤ ਦੱਸਿਆ ਤੇ ਕਿਹਾ ਕਿ ਇਹ ਅੰਨ ਦਾ ਅਪਮਾਨ ਹੈ।
ਖੇਤੀ ਮੰਤਰੀ ਸੋਮਵਾਰ ਆਪਣੀ ਰਿਹਾਇਸ਼ 'ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਮੀਡੀਆ ਨਾਲ ਰੂਬਰੂ ਹੁੰਦਿਆਂ ਕਿਸਾਨ ਅੰਦੋਲਨ ਸਮੇਤ ਕਈ ਮੁੱਦਿਆਂ 'ਤੇ ਆਪਣੀ ਰਾਏ ਰੱਖੀ।
ਖੇਤੀ ਮੰਤਰੀ ਨੇ ਸਭ ਤੋਂ ਪਹਿਲਾਂ ਲੰਬੇ ਖਿੱਚੇ ਜਾ ਰਹੇ ਕਿਸਾਨ ਅੰਦੋਲਨ 'ਤੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਦੀ ਮੰਗ ਖੇਤੀ ਕਾਨੂੰਨਾਂ ਵਿੱਚ ਸੋਧ ਕਰਕੇ ਹੱਲ ਕਰਨ ਲਈ ਤਿਆਰ ਹੈ। ਉਨ੍ਹਾਂ ਕਿਸਾਨਾਂ ਵੱਲੋਂ ਫਸਲਾਂ 'ਤੇ ਟ੍ਰੈਕਟਰ ਚਲਾਉਣਾ ਕਿਸੇ ਵੀ ਹਿਸਾਬ ਨਾਲ ਠੀਕ ਨਹੀਂ ਕਿਉਂਕਿ ਇਸ 'ਚ ਕਿਸਾਨਾਂ ਦਾ ਹੀ ਨੁਕਸਾਨ ਹੈ ਤੇ ਇਹ ਅੰਨ ਦਾ ਅਪਮਾਨ ਹੋਵੇਗਾ।
ਜੇਪੀ ਦਲਾਲ ਨੇ ਹਰਿਆਣਾ ਸਮੇਤ ਪੰਜਾਬ ਤੇ ਯੂਪੀ ਵਿੱਚ ਬੀਜੇਪੀ ਲੀਡਰਾਂ ਤੇ ਹੋਰ ਮੰਤਰੀਆਂ ਦੇ ਵਿਰੋਧ 'ਤੇ ਕਿਹਾ ਕਿ ਅਜਿਹੇ ਵਿਰੋਧ ਨਾਲ ਕਿਸਾਨਾਂ ਨੂੰ ਨਹੀਂ, ਸਿਰਫ਼ ਕਾਂਗਰਸ ਤੇ ਕਾਮਰੇਡਾਂ ਨੂੰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਸਿੰਜਾਈ ਦੇ ਪਾਣੀ ਦੀ ਕਮੀ 'ਤੇ ਉਨ੍ਹਾਂ ਕਿਹਾ ਕਿ ਹਰਿਆਣਾ ਦੀ ਪਿਆਸ ਐਸਵਾਈਐਲ ਹੀ ਬੁਝਾ ਸਕਦੀ ਹੈ। ਅਜਿਹੇ 'ਚ ਸਰਕਾਰ ਐਸਵਾਈਐਲ ਲਈ ਜੋ ਯਤਨ ਕਰ ਰਹੀ ਹੈ ਉਸ 'ਚ ਕਿਸਾਨਾਂ ਨੂੰ ਵੀ ਸਹਿਯੋਗ ਤੇ ਯਤਨ ਕਰਨੇ ਚਾਹੀਦੇ ਹਨ।