ਲੁਧਿਆਣਾ: ਹਲਕਾ ਦਾਖਾ ਤੋਂ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਚੁੱਕੇ ਹਰਵਿੰਦਰ ਸਿੰਘ ਫੂਲਕਾ ਨੇ ਕਿਸਾਨਾਂ ਨੂੰ ਫ਼ਸਲ ਦੇ ਖਰਾਬੇ ਮਗਰੋਂ ਰਾਹਤ ਰਾਸ਼ੀ ਮੁਹੱਈਆ ਕਰਵਾਈ ਹੈ। ਫੂਲਕਾ ਨੇ ਆਪਣੇ ਪੱਧਰ 'ਤੇ ਸ਼ੁਰੂ ਕੀਤੀ ਕਿਸਾਨ ਰਾਹਤ ਸਕੀਮ ਤਹਿਤ ਹਲਕਾ ਦਾਖਾ ਦੇ ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਦਿੱਤੇ। ਫੂਲਕਾ ਨੇ ਕਿਸਾਨਾਂ ਨੂੰ ਮੁਆਵਜ਼ਾ ਪਿਛਲੇ ਦਿਨੀਂ ਖਰਾਬ ਮੌਸਮ ਤੇ ਭਾਰੀ ਗੜ੍ਹੇਮਾਰੀ ਦੇ ਕਾਰਨ ਫ਼ਸਲ ਦੇ ਖਰਾਬੇ ਦੇ ਇਵਜ ਵਿੱਚ ਦਿੱਤੇ ਗਏ ਹਨ।


ਫੂਲਕਾ ਨੇ ਐਲਾਨ ਕੀਤਾ ਸੀ ਕਿ ਉਹ ਛੋਟੇ ਕਿਸਾਨਾਂ ਨੂੰ ਰਾਹਤ ਸਕੀਮ ਤਹਿਤ 5,000 ਰੁਪਏ ਦੇਣਗੇ। ਫੂਲਕਾ ਨੇ ਆਪਣੀ ਕਿਸਾਨ ਰਾਹਤ ਸਕੀਮ ਤਹਿਤ ਪੰਜ ਏਕੜ ਤਕ ਜ਼ਮੀਨ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਕੁਦਰਤੀ ਆਫ਼ਤ ਕਾਰਨ ਹੋਏ ਫ਼ਸਲੀ ਖਰਾਬੇ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੋਇਆ ਹੈ। ਬੇਜ਼ਮੀਨੇ ਤੇ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦੇ ਕਿਸਾਨਾਂ ਨੂੰ ਪਹਿਲ ਦਿੱਤੀ ਗਈ।

ਅੱਜ ਵੰਡੇ ਮੁਆਵਜ਼ੇ ਵਿੱਚ ਫੂਲਕਾ ਨੇ ਹਲਕਾ ਦਾਖਾ ਦੇ ਛੋਟੇ ਕਿਸਾਨਾਂ ਦੀ ਆਲੂ ਦੀ ਫ਼ਸਲ ਖਰਾਬ ਹੋਣ ਬਦਲੇ ਰਾਹਤ ਰਾਸ਼ੀ ਦਿੱਤੀ। ਇਸੇ ਸਕੀਮ ਤਹਿਤ ਫੂਲਕਾ ਨੇ ਪਿਛਲੀ ਕਣਕ ਵਾਰ ਕਣਕ ਦੇ ਨੁਕਸਾਨ ਦਾ ਵੀ ਮੁਆਵਜ਼ਾ ਦਿੱਤਾ ਸੀ। ਫੂਲਕਾ ਨੇ ਹੋਰ ਸਮਾਜਸੇਵੀ ਜਥੇਬੰਦੀਆਂ ਅਤੇ ਐਨਆਰਆਈਜ਼ ਨੂੰ ਵੀ ਅਪੀਲ ਕੀਤੀ ਕਿ ਉਹ ਪ੍ਰਭਾਵਿਤ ਕਿਸਾਨਾਂ ਦੀ ਮਦਦ ਕਰਨ ਤਾਂ ਜੋ ਕਿਸਾਨਾਂ ਨੂੰ ਹੋਰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਪੂਰੇ ਪੰਜਾਬ ਵਿੱਚ ਪਏ ਭਾਰੀ ਮੀਂਹ ਤੇ ਗੜ੍ਹੇਮਾਰੀ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਵੱਡੇ ਪੱਧਰ 'ਤੇ ਨੁਕਸਾਨ ਕਰ ਦਿੱਤਾ ਸੀ। ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਵੀ ਦੇ ਦਿੱਤੇ ਹਨ। ਇਸ ਗਿਰਦਾਵਰੀ ਮਗਰੋਂ ਕਿਸਾਨਾਂ ਨੂੰ ਮੁਆਵਜ਼ਾ ਮਿਲੇਗਾ।