Weather Today Updates : ਕੇਰਲ 'ਚ ਮਾਨਸੂਨ ਦੀ ਐਂਟਰੀ ਹੋ ਚੁੱਕੀ ਹੈ ਪਰ ਦੇਸ਼ ਦੇ ਕੁਝ ਰਾਜਾਂ ਵਿੱਚ ਗਰਮੀ ਦੀ ਲਹਿਰ ਅਜੇ ਵੀ ਜਾਰੀ ਹੈ। ਰਾਸ਼ਟਰੀ ਰਾਜਧਾਨੀ ਯੂਪੀ ਸਮੇਤ ਜ਼ਿਆਦਾਤਰ ਰਾਜਾਂ 'ਚ ਗਰਮੀ ਕਾਰਨ ਲੋਕਾਂ ਦਾ ਜੀਣਾ ਮੁਸ਼ਕਿਲ ਹੈ। ਤੇਜ਼ ਧੁੱਪ ਅਤੇ ਤੇਜ਼ ਹਵਾਵਾਂ ਕਾਰਨ ਲੋਕ ਜ਼ਰੂਰੀ ਕੰਮ ਹੋਣ 'ਤੇ ਹੀ ਘਰੋਂ ਬਾਹਰ ਨਿਕਲ ਰਹੇ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ ਦਿਨਾਂ 'ਚ ਤਾਪਮਾਨ 'ਚ ਵਾਧਾ ਹੋਣ ਦੀ ਸੰਭਾਵਨਾ ਹੈ।


ਆਈਐਮਡੀ ਦੀ ਭਵਿੱਖਬਾਣੀ ਦੇ ਅਨੁਸਾਰ 10 ਜੂਨ ਸ਼ਨੀਵਾਰ ਨੂੰ ਰਾਸ਼ਟਰੀ ਰਾਜਧਾਨੀ ਦਾ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਦਿਨ ਭਰ ਤੇਜ਼ ਗਰਮ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਯੂਪੀ ਵਿੱਚ 10 ਜੂਨ ਅਤੇ 11 ਜੂਨ ਨੂੰ ਗਰਮੀ ਦਾ ਕਹਿਰ ਜਾਰੀ ਰਹੇਗਾ। ਵਿਭਾਗ ਨੇ ਤਾਪਮਾਨ ਵਿੱਚ 2-3 ਡਿਗਰੀ ਦੇ ਵਾਧੇ ਦੀ ਵੀ ਭਵਿੱਖਬਾਣੀ ਕੀਤੀ ਹੈ। ਬਿਹਾਰ 'ਚ ਵੀ ਗਰਮੀ ਦਾ ਕਹਿਰ ਜਾਰੀ ਹੈ। ਆਈਐਮਡੀ ਦੇ ਅੰਕੜਿਆਂ ਮੁਤਾਬਕ ਅਗਲੇ ਦੋ-ਤਿੰਨ ਦਿਨਾਂ ਦੌਰਾਨ ਸੂਬੇ ਵਿੱਚ ਤਾਪਮਾਨ 3-4 ਡਿਗਰੀ ਤੱਕ ਵਧਣ ਦੀ ਸੰਭਾਵਨਾ ਹੈ।






ਮਾਨਸੂਨ ਨੇ ਦਿੱਤੀ ਦਸਤਕ 


ਮੌਸਮ ਵਿਭਾਗ ਨੇ ਕਿਹਾ ਸੀ ਕਿ ਮਾਨਸੂਨ 1 ਜੂਨ ਤੱਕ ਦੱਖਣੀ ਭਾਰਤ 'ਚ ਦਸਤਕ ਦੇਵੇਗਾ ਪਰ ਇਸ ਵਾਰ ਮਾਨਸੂਨ ਆਮ ਤਰੀਕ ਤੋਂ ਇਕ ਹਫਤੇ ਬਾਅਦ ਵੀਰਵਾਰ ਨੂੰ ਕੇਰਲ 'ਚ ਪਹੁੰਚਿਆ।

ਅੱਜ ਕਿੱਥੇ -ਕਿਥੇ ਮੀਂਹ ਪਵੇਗਾ


ਮਾਨਸੂਨ ਦੀ ਆਮਦ ਕਾਰਨ ਮੌਸਮ ਵਿਭਾਗ ਨੇ ਕੇਰਲ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਕੇਰਲ ਦੇ ਤਿਰੂਵਨੰਤਪੁਰਮ, ਕੋਲਮ, ਪਠਾਨਮਥਿੱਟਾ, ਅਲਾਪੁਝਾ, ਕੋਟਾਯਮ, ਇਡੁੱਕੀ, ਕੋਝੀਕੋਡ ਅਤੇ ਕੰਨੂਰ ਜ਼ਿਲ੍ਹਿਆਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਚੱਕਰਵਾਤੀ ਤੂਫਾਨ ਬਿਪਰਜੋਏ ਦੇ ਅਗਲੇ 36 ਘੰਟਿਆਂ ਵਿੱਚ ਤੇਜ਼ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਵਿਭਾਗ ਨੇ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਹਦਾਇਤ ਕੀਤੀ ਹੈ।

ਲਕਸ਼ਦੀਪ, ਤੱਟਵਰਤੀ ਕਰਨਾਟਕ, ਅੰਡੇਮਾਨ-ਨਿਕੋਬਾਰ ਦੀਪ ਸਮੂਹ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਦੂਜੇ ਪਾਸੇ ਅਸਾਮ, ਮੇਘਾਲਿਆ, ਗੁਜਰਾਤ, ਮਹਾਰਾਸ਼ਟਰ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਸਿੱਕਮ 'ਚ ਬਾਰਿਸ਼ ਅਤੇ ਬਰਫਬਾਰੀ ਦੀ ਸੰਭਾਵਨਾ ਹੈ।