ਨਵੀਂ ਦਿੱਲੀ: ਮਾਨਸੂਨ ਨੂੰ ਲੈਕੇ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਹੈ। ਇਸ ਭਵਿੱਖਬਾਣੀ 'ਚ ਮੌਸਮ ਵਿਭਾਗ ਨੇ ਦੱਸਿਆ ਕਿ ਇਸ ਸਾਲ ਮਾਨਸੂਨ ਠੀਕ ਰਹੇਗਾ ਤੇ ਕਿਸਾਨਾਂ ਲਈ ਮਦਦਗਾਰ ਸਾਬਿਤ ਹੋਵੇਗਾ। ਆਈਐਮਡੀ ਦੇ ਡਾਇਰੈਕਟਰ ਮ੍ਰਿਤਯੁੰਜਯ ਮੋਹਪਾਤਰਾ ਨੇ ਇਸ ਗੱਲ ਦੀ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਦੱਖਣ ਪੱਛਮੀ ਮਾਨਸੂਨ ਦੇ ਕਾਰਨ ਉੱਤਰ ਤੇ ਦੱਖਣ ਭਾਰਤ 'ਚ ਚੰਗੀ ਬਾਰਸ਼ ਹੋ ਸਕਦੀ ਹੈ।


ਉਨ੍ਹਾਂ ਦੱਸਿਆ ਕਿ ਇਸ ਸਾਲ ਮਾਨਸੂਨ ਕਾਰਨ ਮੱਧ ਭਾਰਤ 'ਚ ਆਮ ਨਾਲੋਂ ਜ਼ਿਆਦਾ ਬਾਰਸ਼ ਹੋਣ ਦੀ ਸੰਭਾਵਨਾ ਹੈ ਜਦਕਿ ਪੂਰਬੀ ਤੇ ਪੱਛਮੀ ਹਿੱਸਿਆਂ 'ਚ ਬਾਰਸ਼ ਆਮ ਨਾਲੋਂ ਘੱਟ ਦੇਖਣ ਨੂੰ ਮਿਲ ਸਕਦੀ ਹੈ।


ਆਈਐਮਡੀ ਦੇ ਨਿਰਦੇਸ਼ਕ ਦੇ ਮੁਤਾਬਕ ਜੂਨ 'ਚ ਬਾਰਸ਼ ਆਮ ਰਹੇਗੀ। ਇਸ ਦੌਰਾਨ ਕਿਸਾਨ ਆਪਣੀ ਫਸਲ ਦੀ ਬਿਜਾਈ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਜੂਨ ਤੋਂ ਸਤੰਬਰ ਕਰ ਦੇਸ਼ 'ਚ ਲੰਬੇ ਸਮੇਂ ਦੇ ਔਸਤ 'ਚ ਕਰੀਬ 101 ਫੀਸਦ ਬਾਰਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਅੰਦਾਜ਼ੇ ਮੁਤਾਬਕ ਬਾਰਸ਼ ਵਿਚ ਚਾਰ ਫੀਸਦ ਦਾ ਅੰਤਰ ਦੇਖਣ ਨੂੰ ਮਿਲ ਸਕਦਾ ਹੈ।


ਮੌਸਮ ਵਿਭਾਗ ਨੇ ਦੱਸਿਆ ਕਿ ਪੂਰਬ ਤੇ ਉੱਤਰ ਪੂਰਬ ਦੇ ਕੁਝ ਸੂਬਿਆਂ 'ਚ ਆਮ ਨਾਲੋਂ ਘੱਟ ਬਾਰਸ਼ ਹੋ ਸਕਦੀ ਹੈ। ਇਨ੍ਹਾਂ ਸੂਬਿਆਂ 'ਚ ਬਿਹਾਰ ਦਾ ਪੂਰਬੀ ਹਿੱਸਾ, ਪੱਛਮੀ ਬੰਗਾਲ ਦੇ ਕੁਝ ਜ਼ਿਲ੍ਹੇ, ਅਸਮ, ਮੇਘਾਲਿਆ, ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਦੇ ਉੱਪਰੀ ਹਿੱਸੇ, ਦੱਖਣ ਪੱਛਮੀ ਪਠਾਰ, ਕੇਰਲ ਦਾ ਕੁਝ ਹਿੱਸਾ ਤੇ ਤਾਮਿਲਨਾਡੂ ਦੇ ਅੰਦਰੂਨੀ ਜ਼ਿਲ੍ਹੇ ਸ਼ਾਮਲ ਹਨ।


ਬਾਰਸ਼ ਨੂੰ ਲੈਕੇ ਮੌਸਮ ਵਿਭਾਗ ਨੇ ਇਸ ਸਾਲ ਇਕ ਨਵੀਂ ਪਹਿਲ ਦੀ ਸ਼ੁਰੂਆਤ ਕੀਤੀ ਹੈ। ਵਿਭਾਗ ਵੱਲੋਂ ਚਾਰ ਮਹੀਨੇ ਦੇ ਮੌਨਸੂਨ 'ਚ ਬਾਰਸ਼ ਨੂੰ ਲੈਕੇ ਹਰ ਮਹੀਨੇ ਭਵਿੱਖਬਾਣੀ ਜਾਰੀ ਹੋਵੇਗੀ। ਇਸ ਭਵਿੱਖਬਾਣੀ 'ਚ ਹਰ ਸੂਬੇ ਤੇ ਹਰ ਸ਼ਹਿਰ 'ਚ ਹੋਣ ਵਾਲੀ ਬਾਰਸ਼ ਦਾ ਵੇਰਵਾ ਦਿੱਤਾ ਜਾਵੇਗਾ।