ਚੰਡੀਗੜ੍ਹ: ਭਾਰਤੀ ਫ਼ੌਜ ਵੱਲੋਂ ਪਾਕਿਸਤਾਨ ਦੇ ਖੇਤਰ ’ਚ ਅੱਤਵਾਦੀ ਟਿਕਾਣਿਆਂ ’ਤੇ ਕੀਤੀ ਕਾਰਵਾਈ ਤੋਂ ਬਾਅਦ ਪੰਜਾਬ ਨਾਲ ਲੱਗਦੀ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਕੰਢੇ ਵੱਸੇ ਪਿੰਡਾਂ ਦੇ ਲੋਕ ਸਹਿਮ ਤੇ ਦਹਿਸ਼ਤ ਵਿੱਚ ਹਨ। ਇਲਾਕੇ ਅੰਦਰ ਰੈੱਡ ਐਲਰਟ ਜਾਰੀ ਕਰਕੇ ਸਰਹੱਦ ਤੋਂ 10 ਕਿਲੋਮੀਟਰ ਦੇ ਘੇਰੇ ਵਿੱਚ ਆਉਂਦੇ ਪਿੰਡਾਂ ਦੇ ਲੋਕਾਂ ਨੂੰ ਇਹਤਿਆਤ ਵਜੋਂ ਪਿੰਡ ਖਾਲੀ ਕਰਨ ਦੀ ਹਦਾਇਤ ਕੀਤੀ ਗਈ ਹੈ। ਇਸ ਤੋਂ ਇਲਾਵਾ ਇਸ ਘੇਰੇ ਅੰਦਰ ਆਉਂਦੇ ਸਕੂਲਾਂ ਅੰਦਰ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ।


ਇਸ ਸਹਿਮ ਦੇ ਮਾਹੌਲ ਵਿੱਚ ਸਭ ਤੋਂ ਵੱਧ ਡਰ ਕਿਸਾਨ ਤੇ ਖੇਤ ਮਜ਼ਦੂਰ ਨੂੰ ਸਤਾ ਰਿਹਾ ਹੈ। ਕਰਜ਼ੇ ਨਾਲ ਪੁੱਤਾਂ ਵਾਂਗ ਪਾਲੀ ਫਸਲ ਪੱਕਣ ਕਿਨਾਰੇ ਖੜ੍ਹੀ ਹੈ। ਹੁਣ ਫਸਲ ਵੱਡ ਕੇ ਸਾਰੇ ਖਰਚੇ ਉਤਾਰਨ ਤੇ ਅਗਲੀ ਕਬੀਲਦਾਰੀ ਤੋਰਨ ਦਾ ਵੇਲੇ ਹੈ। ਫਸਲ ਨਾਲ ਜਿੱਥੇ ਕਰਜ਼ੇ ਉਤਾਰਨ ਹੁੰਦੇ ਹਨ, ਉੱਥੇ ਹੀ ਕਈ ਘਰਾਂ ਦੀ ਤਾਂ ਫਸਲਾਂ ਦੀ ਆਮਦਨ ਨਾਲ ਵਿਆਹ ਤੇ ਬਿਮਾਰੀ ਦਾ ਇਲਾਜ ਹੁੰਦਾ ਹੈ। ਅਜਿਹੇ ਵਿੱਚ ਪਿੰਡ ਖਾਲੀ ਕਰਨ ਨਾਲ ਖੇਤੀ ਨੂੰ ਸਭ ਤੋਂ ਵੱਧ ਨੁਕਸਾਨ ਹੋ ਸਕਦਾ ਹੈ।

ਸਰਹੱਦ ਇਲਾਕਿਆਂ ਵਿੱਚ ਮਜ਼ਦੂਰਾਂ ਦਾ ਰੁਜ਼ਗਾਰ ਵੀ ਖੇਤੀ ਉੱਤੇ ਨਿਰਭਰ ਹੈ। ਫਸਲ ਵਾਢੀ ਤੋਂ ਲੈ ਕੇ ਮੰਡੀ ਤੱਕ ਦਾ ਸਾਰਾ ਕੰਮ ਖੇਤ ਮਜ਼ਦੂਰਾਂ ਨਾਲ ਚਲਦਾ ਹੈ। ਲੰਬੇ ਸਮੇਂ ਤੱਕ ਪਿੰਡ ਖਾਲੀ ਰਹਿਣ ਜਾਂ ਜੰਗ ਲੱਗਣ ਦੀ ਹਾਲਤ ਵਿੱਚ ਇੰਨਾਂ ਦੀ ਵੀ ਰੁਜਗਾਰ ਖੁਸ ਜਾਵੇਗਾ ਪਰ ਪ੍ਰਸ਼ਾਸਨ ਲੋਕਾਂ ਨੂੰ ਪਿੰਡ ਤਾਂ ਖਾਲੀ ਕਰਨ ਲਈ ਕਹਿ ਰਿਹਾ ਹੈ ਪਰ ਲੋਕਾਂ ਦਾ ਰੋਜ਼ੀ-ਰੋਟੀ ਦਾ ਕੀ ਬਣੇਗਾ, ਉਸਦਾ ਕੋਈ ਬੰਦੋਵਸਤ ਨਹੀਂ ਕੀਤਾ ਜਾ ਰਿਹਾ।