ਮਹਿਤਾਬ-ਉਦ-ਦੀਨ


ਚੰਡੀਗੜ੍ਹ: ਕਿਸਾਨ ਅੰਦੋਲਨ ਨੇ ਦੇਸ਼ ਤੇ ਦੁਨੀਆ ਅੰਦਰ ਨਵਾਂ ਇਤਿਹਾਸ ਸਿਰਜਿਆ ਹੈ। ਪਹਿਲੀ ਵਾਰ ਕਿਸਾਨ ਲੀਡਰਸ਼ਿਪ ਨੂੰ ਵੱਡਾ ਮਾਣ-ਸਨਮਾਣ ਮਿਲ ਰਿਹਾ ਹੈ। ‘ਇੰਡੀਅਨ ਐਕਸਪ੍ਰੈੱਸ’ ਦੀ ਸਾਲ 2021 ਦੇ ਸਭ ਤੋਂ ਤਾਕਤਵਰ ਭਾਰਤੀਆਂ ਦੀ ਸੂਚੀ ਵਿੱਚ 76 ਸਾਲਾ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਦਾ ਨਾਂ ਵੀ 88ਵੇਂ ਰੈਂਕ ’ਤੇ ਸ਼ਾਮਲ ਕੀਤਾ ਗਿਆ ਹੈ। ਉਹ ‘ਭਾਰਤੀ ਕਿਸਾਨ ਯੂਨੀਅਨ’ (ਏਕਤਾ ਉਗਰਾਹਾਂ) ਦੇ ਪ੍ਰਧਾਨ ਹਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਕਦੇ ਕਿਸੇ ਕਿਸਾਨ ਆਗੂ ਦਾ ਨਾਂ ਇਸ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਸਪੱਸ਼ਟ ਹੈ ਕਿ ਦਿੱਲੀ ਦੀਆਂ ਬਰੂਹਾਂ ’ਤੇ ਪਿਛਲੇ ਚਾਰ ਮਹੀਨਿਆਂ ਤੋਂ ਚੱਲ ਰਹੇ ਕਿਸਾਨ ਅੰਦੋਲਨ ਕਾਰਣ ਐਤਕੀਂ ਇਹ ਨਾਂ ਸ਼ਾਮਲ ਹੋਇਆ ਹੈ। ਇਸ ਵਾਰ ਤਾਕਤਵਰ ਭਾਰਤੀਆਂ ਦੀ ਸੂਚੀ ਵਿੱਚ ਸਿਰਫ਼ ਦੋ ਹੀ ਪੰਜਾਬੀਆਂ ਕੈਪਟਨ ਅਮਰਿੰਦਰ ਸਿੰਘ ਤੇ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਂ ਹਨ।

 

ਪੰਜਾਬ ਤੋਂ ਕਿਸਾਨ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਤੇ ਅਖ਼ਬਾਰ ਦਾ ਮੰਨਣਾ ਹੈ ਕਿ ਕੇਂਦਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਵਿੱਚ ਵੱਡੇ ਪੱਧਰ ’ਤੇ ਕਿਸਾਨਾਂ ਦੀ ਲਾਮਬੰਦੀ ਕਰਨ ਵਿੱਚ ਜੋਗਿੰਦਰ ਸਿੰਘ ਉਗਰਾਹਾਂ ਦੀ ਵੱਡੀ ਦੇਣ ਹੈ।

 
ਦੱਸ ਦੇਈਏ ਕਿ ਜੋਗਿੰਦਰ ਸਿੰਘ ਉਗਰਾਹਾਂ 31 ਕਿਸਾਨ ਯੂਨੀਅਨਾਂ ਦੇ ‘ਸੰਯੁਕਤ ਕਿਸਾਨ ਮੋਰਚਾ’ ਵਿੱਚ ਸ਼ਾਮਲ ਨਹੀਂ ਹਨ। ਉਨ੍ਹਾਂ ਦਿੱਲੀ ਦੇ ਟੀਕਰੀ ਬਾਰਡਰ ਉੱਤੇ ਆਪਣੀ ਵੱਖਰੀ ਸਟੇਜ ਲਾਈ ਹੈ। ਬੀਤੇ ਨਵੰਬਰ ਮਹੀਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਉਗਰਾਹਾਂ ਨੂੰ ਫ਼ੋਨ ਕਰ ਕੇ ਮਸਲਾ ਹੱਲ ਕਰਨ ਦੀ ਗੱਲ ਕੀਤੀ ਸੀ।

 

ਬੀਤੀ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਵਾਪਰੀਆਂ ਹਿੰਸਕ ਘਟਨਾਵਾਂ ਦਾ ਵੀ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਉੱਤੇ ਕੋਈ ਅਸਰ ਨਹੀਂ ਪਿਆ ਸੀ। ਉਹ ਸ਼ਹੀਦ–ਏ–ਆਜ਼ਮ ਭਗਤ ਸਿੰਘ ਤੋਂ ਪ੍ਰੇਰਿਤ ਹਨ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ