ਚੰਡੀਗੜ੍ਹ: ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਪੰਜਾਬ ਭਰ ਵਿੱਚ ਨਹਿਰੀ ਵਿਭਾਗ ਦੇ ਦਫਤਰਾਂ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਹਿਲਾਂ ਕਿਸਾਨਾਂ ਨੂੰ ਫਸਲਾਂ ਦੀ ਸਿੰਚਾਈ ਲਈ ਨਹਿਰਾਂ ਤੋਂ 17 ਫੀਸਦੀ ਦੇ ਕਰੀਬ ਪਾਣੀ ਮਿਲਦਾ ਸੀ ਪਰ ਨਹਿਰਾਂ ਦੀ ਸਾਫ਼-ਸਫ਼ਾਈ ਨਾ ਹੋਣ ਕਰਕੇ ਉਹ ਪਾਣੀ ਮਿਲਣਾ ਬੰਦ ਹੋ ਗਿਆ ਹੈ। ਉੱਧਰ ਦਰਿਆਵਾਂ ਦੇ ਪਾਣੀ ਹੋਰ ਸਥਾਨਾਂ 'ਤੇ ਜਾ ਰਹੇ ਹਨ। ਅੱਜ ਪੰਜਾਬ ਸਮੇਤ ਦੇਸ਼ ਦੇ ਵੱਡੇ ਹਿੱਸੇ ਵਿੱਚ ਪਾਣੀ ਦਾ ਪੱਧਰ ਕਾਫੀ ਥੱਲੇ ਜਾਣ ਕਰਕੇ ਮੁਸ਼ਕਲ ਹਾਲਾਤ ਬਣਦੇ ਜਾ ਰਹੇ ਹਨ।


ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੀ 138 ਬਲਾਕਾਂ ਵਿੱਚੋਂ 100 ਦੇ ਕਰੀਬ ਨੂੰ ਡਾਰਕ ਜ਼ੋਨ ਐਲਾਨ ਚੁੱਕੀ ਹੈ। ਆਉਣ ਵਾਲੇ ਸਮੇਂ ਵਿੱਚ ਟਿਊਬਵੈੱਲ ਲਾਉਣ 'ਤੇ ਪਾਬੰਧੀ ਲਾਉਣ ਦੀ ਨੌਬਤ ਬਣਦੀ ਜਾ ਰਹੀ ਹੈ। ਕਿਸਾਨਾਂ ਦੀ ਆਮਦਨ ਦਾ ਮੁੱਖ ਸ੍ਰੋਤ ਝੋਨੇ ਦੀ ਫ਼ਸਲ ਹੈ ਤੇ ਝੋਨੇ ਦੀ ਫਸਲ ਲਈ ਪਾਣੀ ਦੀ ਖਪਤ ਬਹੁਤ ਜ਼ਿਆਦਾ ਹੁੰਦੀ ਹੈ।

ਕਿਸਾਨਾਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਪਾਣੀ ਦੀ ਸਮੱਸਿਆਂ ਲਈ ਗੰਭੀਰ ਤਾਂ ਹਨ ਪਰ ਕਿਸਾਨਾਂ ਦੀ ਆਮਦਨ ਵਧਾਉਣ ਜਾਂ ਝੋਨੇ ਦੇ ਬਦਲ ਲਈ ਕੋਈ ਦਿਲਚਸਪੀ ਨਹੀਂ ਦਿਖਾ ਰਹੀ। ਜੇ ਸਰਕਾਰਾਂ ਕਿਸਾਨਾਂ ਦੀਆਂ ਸਮੱਸਿਆਵਾਂ ਲਈ ਗੰਭੀਰ ਹੁੰਦੀਆਂ ਤਾਂ ਦਾਲਾਂ, ਤੇਲ ਜਾਂ ਹੋਰ ਫਸਲਾਂ ਦੇ ਰੇਟ ਵਧਾ ਕੇ ਕਿਸਾਨਾਂ ਨੂੰ ਝੋਨੇ ਦਾ ਬਦਲ ਦੇ ਸਕਦੀਆਂ ਸੀ। ਸਰਕਾਰਾਂ ਦੇ ਬੇਰੁਖ਼ੀ ਕਰਕੇ ਹੀ ਉਹ ਅੱਜ ਧਰਨੇ ਲਾ ਕੇ ਪ੍ਰਦਰਸ਼ਨ ਕਰ ਰਹੇ ਹਨ।