ਚੰਡੀਗੜ੍ਹ: ਇੱਕ ਪਾਸੇ ਜਿੱਥੇ ਲੋਕ ਦਿਵਾਲ਼ੀ ਉੱਤੇ ਬਾਜ਼ਾਰ ਵਿੱਚ ਜਮਕੇ ਖ਼ਰੀਦਦਾਰੀ ਕਰ ਰਹੇ ਹਨ ਉੱਥੇ ਹੀ ਦੂਸਰੇ ਪਾਸੇ ਆਰਥਿਕ ਤੰਗੀ ਨਾਲ ਜੂਝ ਰਹੇ ਬਦਹਾਲ ਕਿਸਾਨਾਂ ਨੇ ਬਾਜ਼ਾਰ ਵਿੱਚ ਕਿਡਨੀ ਤੇ ਅੱਖਾਂ ਵੇਚਣ ਦੀ ਬੋਲੀ ਲਗਾਈ। ਇਹ ਘਟਨਾ ਹੈ ਮੱਧ ਪ੍ਰਦੇਸ਼ ਦੇ ਹਾਰਦਾ ਦੀ ਜਿੱਥੋਂ ਦੇ ਬਾਜ਼ਾਰ ਦੇ ਚੌਂਕ ਵਿੱਚ ਗਾਂਧੀ ਦੇ ਬੁੱਤ ਦੇ ਸਾਹਮਣੇ ਕਿਸਾਨਾਂ ਨੇ ਸ਼ਰੇਆਮ ਆਪਣੇ ਅੰਗਾਂ ਦੀ ਨਿਲਾਮੀ ਲਗਾਈ ਤਾਂ ਪਰਿਵਾਰ ਦੇ ਲੋਕ ਦਿਵਾਲ਼ੀ ਤਿਉਹਾਰ ਮਨ੍ਹਾ ਸਕਣ।




ਕਿਸਾਨਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਬੀਮਾ ਰਾਸ਼ੀ ਨਹੀਂ ਮਿਲ ਸਕੀ। ਪ੍ਰਸ਼ਾਸਨ ਸਿਰਫ਼ ਭਰੋਸਾ ਹੀ ਦਿੰਦਾ ਹੈ। ਉਨ੍ਹਾਂ ਦੀ ਮੰਡੀ ਵਿੱਚ ਫ਼ਸਲ ਸਮਰਥਨ ਮੁੱਲ ਤੋਂ ਘੱਟ ਵਿਕ ਰਹੀ ਹੈ। ਜਿਸ ਕਾਰਨ ਉਨ੍ਹਾਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਇੱਕ ਫ਼ਸਲ ਦੀ ਲਾਗਤ ਦੂਜੀ ਫ਼ਸਲ ਦਾ ਮੁੱਲ ਵੀ ਘੱਟ। ਪ੍ਰਦਰਸ਼ਨ ਵਿੱਚ ਕਿਸਾਨਾਂ ਨੇ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਵਿੱਚ ਅੰਗ ਵੇਚਣ ਦੀ ਮਜਬੂਰੀ ਦੱਸੀ ਹੋਈ ਸੀ।
ਕਿਸਾਨ ਯੂਨੀਅਨ ਦੇ ਕੇਦਾਰ ਸਰੋਹੀ ਨੇ ਦੱਸਿਆ ਕਿ ਪੰਜ ਸਾਲਾਂ ਤੋਂ ਫ਼ਸਲ ਬਰਬਾਦ ਹੋ ਰਹੀ ਹੈ। ਇਸਦੇ ਕਾਰਨ ਕਿਸਾਨ ਆਰਥਿਕ ਰੂਪ ਵਿੱਚ ਕਮਜ਼ੋਰ ਹੋ ਗਿਆ ਹੈ। ਪਿਛਲੇ ਸਾਲ ਬਰਬਾਦ ਹੋਈ ਸੋਇਆਬੀਨ ਫ਼ਸਲ ਦਾ ਬੀਮਾ ਹੁਣ ਤੱਕ ਕਿਸਾਨਾਂ ਨੂੰ ਨਹੀਂ ਮਿਲਿਆ। ਇਸ ਦੇ ਕਾਰਨ ਉਨ੍ਹਾਂ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਯੂਨੀਅਨ ਦੇ ਸੰਜੇ ਖੈਰਵਾ ਅਤੇ ਇਨਾਨਿਆ ਨੇ ਕਿਹਾ ਕਿ ਸ਼ਹਿਰ ਦੇ ਬਾਜ਼ਾਰਾਂ ਵਿੱਚ ਤਿਉਹਾਰਾਂ ਦੀ ਭੀੜ-ਭਾੜ ਨਜ਼ਰ ਆ ਰਹੀ ਹੈ ਪਰ ਉਨ੍ਹਾਂ ਦੇ ਘਰਾਂ ਵਿੱਚ ਰੌਣਕ ਫਿੱਕੀ ਹੈ। ਆਰਥਿਕ ਤੰਗੀ ਦੇ ਚੱਲਦੇ ਕਿਸਾਨ ਭੁੱਖਾ ਹੈ। ਦਿਵਾਲ਼ੀ ਉੱਤੇ ਬੱਚਿਆਂ ਦੇ ਲਈ ਮਿਠਾਈ,ਕੱਪੜੇ,ਪਟਾਕੇ ਨਹੀਂ ਖ਼ਰੀਦ ਪਾ ਰਿਹਾ ਹੈ। ਇਸ ਦੇ ਚੱਲਦੇ ਉਨ੍ਹਾਂ ਤਿਉਹਾਰਾਂ ਵਿੱਚ ਅੰਗ ਵੇਚਣ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਮੰਡੀਆਂ ਵਿੱਚ ਫ਼ਸਲ ਨਹੀਂ ਬਲਕਿ ਆਪਣੇ ਅੰਗ ਵੇਚਣਗੇ।