ਚੰਡੀਗੜ੍ਹ : ਬਨੂੜ ਮੰਡੀ ਵਿੱਚ ਝੋਨਾ ਵੇਚਣ ਵਾਲੇ ਕਿਸਾਨ ਆਪਣੀ ਫ਼ਸਲ ਦੀ ਅਦਾਇਗੀ ਨੂੰ ਤਰਸ ਗਏ ਹਨ। ਮੰਡੀ ਦੇ ਆੜ੍ਹਤੀਆਂ ਨੂੰ ਉਨ੍ਹਾਂ ਦੀ ਆੜ੍ਹਤ ਅਤੇ ਝੋਨੇ ਦੀ ਸਫ਼ਾਈ, ਭਰਾਈ ਤੇ ਲਿਫ਼ਟਿੰਗ ਕਰਨ ਵਾਲੇ ਮਜ਼ਦੂਰਾਂ ਨੂੰ ਉਨ੍ਹਾਂ ਦੀ ਮਜ਼ਦੂਰੀ ਦੀ ਵੀ ਫ਼ੁੱਟੀ ਕੌਡੀ ਨਹੀਂ ਮਿਲੀ। ਬਨੂੜ ਮੰਡੀ ਵਿਖੇ ਝੋਨਾ ਵੇਚਣ ਵਾਲੇ ਕਿਸਾਨਾਂ ਦੀ ਸਵਾ ਅੱਠ ਕਰੋੜ, ਆੜ੍ਹਤੀਆਂ ਦੀ 96 ਲੱਖ ਅਤੇ ਮਜ਼ਦੂਰਾਂ ਦੀ ਇੱਕ ਕਰੋੜ ਦੇ ਕਰੀਬ ਰਾਸ਼ੀ ਦਾ ਭੁਗਤਾਨ ਨਾ ਹੋਣ ਕਾਰਨ ਤਿੰਨੋਂ ਵਰਗਾਂ ਵਿੱਚ ਭਾਰੀ ਰੋਸ ਹੈ। ਕਿਸਾਨ ਸਭਾ ਨੇ ਪ੍ਰਸ਼ਾਸ਼ਨ ਤੇ ਪੰਜਾਬ ਸਰਕਾਰ ਤੋਂ ਤੁਰੰਤ ਸਾਰੇ ਮਾਮਲੇ ਵਿੱਚ ਦਖ਼ਲ ਦੀ ਮੰਗ ਕਰਦਿਆਂ ਬਿਨਾਂ ਕਿਸੇ ਦੇਰੀ ਤੋਂ ਸਮੁੱਚੀ ਅਦਾਇਗੀ ਤੁਰੰਤ ਜਾਰੀ ਕਰਾਏ ਜਾਣ ਦੀ ਮੰਗ ਕੀਤੀ ਹੈ। ਜਾਣਕਾਰੀ ਅਨੁਸਾਰ ਬਨੂੜ ਮੰਡੀ ਵਿੱਚੋਂ ਪਨਗਰੇਨ ਅਤੇ ਮਾਰਕਫ਼ੈੱਡ ਨੇ ਝੋਨਾ ਖ਼ਰੀਦਿਆ ਸੀ। ਪਨਗਰੇਨ ਵੱਲੋਂ ਖ਼ਰੀਦੇ ਝੋਨੇ ਦੀ 19 ਅਕਤੂਬਰ ਅਤੇ ਮਾਰਕਫ਼ੈੱਡ ਵੱਲੋਂ 21 ਅਕਤੂਬਰ ਤੱਕ ਅਦਾਇਗੀ ਹੋਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਵਿੱਚੋਂ ਕਈਆਂ ਨੇ ਜ਼ਮੀਨਾਂ ਠੇਕੇ ਉੱਤੇ ਲਈਆਂ ਹੋਈਆਂ ਹਨ ਤੇ ਜ਼ਮੀਨ ਦੇ ਮਾਲਕ ਕਿਸਾਨਾਂ ਵੱਲੋਂ ਠੇਕੇ ਲਈ ਉਨ੍ਹਾਂ ਦੇ ਰੋਜ਼ਾਨਾ ਦਰਵਾਜ਼ੇ ਖੜਕਾਏ ਜਾ ਰਹੇ ਹਨ। ਕੁਝ ਕਿਸਾਨਾਂ ਆਪਣੇ ਬੈਂਕ ਕਰਜ਼ਾ ਮੋੜਨ ਤੇ ਰੋਜ਼ਮਰਾ ਦੇ ਖ਼ਰਚੇ ਕਰਨ ਤੋਂ ਵੀ ਅਸਮਰੱਥ ਹਨ। ਇਵੇਂ ਹੀ ਮੰਡੀ ਦੇ ਕਈਂ ਆੜ੍ਹਤੀਆਂ ਨੇ ਦੱਸਿਆ ਕਿ ਜਿੱਥੇ ਫ਼ਸਲ ਦੀ ਅਦਾਇਗੀ ਨਾ ਹੋਣ ਕਾਰਨ ਕਿਸਾਨ ਹਰ ਰੋਜ਼ ਉਨ੍ਹਾਂ ਦੀਆਂ ਦੁਕਾਨਾਂ ਉੱਤੇ ਆ ਕੇ ਵੱਧ ਘੱਟ ਬੋਲ ਰਹੇ ਹਨ ਤੇ ਉਨ੍ਹਾਂ ਦੀ ਆਪਣੀ ਆੜ੍ਹਤ ਦੀ ਵੀ ਉਨ੍ਹਾਂ ਨੂੰ ਦੁਆਨੀ ਨਹੀਂ ਮਿਲੀ। ਇਸ ਦੌਰਾਨ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਗੁਰਦਰਸ਼ਨ ਸਿੰਘ ਖਾਸਪੁਰ, ਸੂਬਾਈ ਸਕੱਤਰ ਚੌਧਰੀ ਮੁਹੰਮਦ ਸਦੀਕ ਬਨੂੜ, ਗੁਰਨਾਮ ਸਿੰਘ ਹੁਲਕਾ, ਕਰਤਾਰ ਸਿੰਘ ਨੰਡਿਆਲੀ ਤੇ ਦਰਸ਼ਨ ਸਿੰਘ ਕਰਾਲਾ ਨੇ ਬਨੂੜ ਮੰਡੀ ਦੀ ਅਦਾਇਗੀ ਨਾ ਹੋਣ ਦਾ ਗੰਭੀਰ ਨੋਟਿਸ ਲਿਆ ਹੈ ਤੇ ਤੁਰੰਤ ਅਦਾਇਗੀ ਜਾਰੀ ਕਰਨ ਦੀ ਮੰਗ ਕਰਦਿਆਂ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਮਾਰਕੀਟ ਕਮੇਟੀ ਬਨੂੜ ਦੇ ਚੇਅਰਮੈਨ ਸਾਧੂ ਸਿੰਘ ਖਲੌਰ ਨੇ ਬਨੂੜ ਮੰਡੀ ਦੀ ਅਦਾਇਗੀ ਸਬੰਧੀ ਸੰਪਰਕ ਕਰਨ ਉੱਤੇ ਆਖਿਆ ਕਿ ਨੋਟਬੰਦੀ ਕਾਰਨ ਅਦਾਇਗੀ ਦਾ ਅਮਲ ਪ੍ਰਭਾਵਿਤ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਉੱਚ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ ਤੇ ਖ਼ਰੀਦ ਏਜੰਸੀਆਂ ਕੋਲੋਂ ਜਲਦੀ ਹੀ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਦੀ ਅਦਾਇਗੀ ਕਰਵਾ ਦਿੱਤੀ ਜਾਵੇਗੀ।