ਚੰਡੀਗਡ਼੍ਹ:  ਪ੍ਰਸ਼ਾਸਨ ਨੇ ਸ਼ਹਿਰ ਭਰ ਦੇ ਦੁਕਾਨਦਾਰਾਂ, ਸਨਅਤਕਾਰਾਂ ਅਤੇ ਹੋਰ ਵਪਾਰਕ ਅਦਾਰਿਆਂ ਨੂੰ ਹੁਕਮ ਜਾਰੀ ਕਰ ਕੇ ਆਪਣੇ ਮਜ਼ਦੂਰਾਂ ਤੇ ਕਾਰਿੰਦਿਆਂ ਨੂੰ ਤਨਖ਼ਾਹ ਦੀ ਨਕਦ ਅਦਾਇਗੀ ਕਰਨ ’ਤੇ ਪਾਬੰਦੀ ਲਾ ਦਿੱਤੀ ਹੈ। ਪ੍ਰਸ਼ਾਸਨ ਵੱਲੋਂ ਜਾਰੀ ਤਾਜ਼ਾ ਹੁਕਮਾਂ ਮੁਤਾਬਕ ਕਾਮਿਆਂ ਨੂੰ ਕਿਸੇ ਵੀ ਰੂਪ ਵਿੱਚ ਦਿੱਤੇ ਜਾਣ ਵਾਲੇ ਪੈਸੇ ਉਨ੍ਹਾਂ ਦੇ ਬੈਂਕ ਖ਼ਾਤਿਆਂ ਵਿੱਚ ਹੀ ਜਮ੍ਹਾਂ ਕਰਾਏ ਜਾਣਗੇ।

ਪ੍ਰਸ਼ਾਸਨ ਨੇ ਅਜੇ ਇੱਕ ਦਿਨ ਪਹਿਲਾਂ ਹੀ ਸੰਪਰਕ ਸੈਂਟਰਾਂ ’ਤੇ 10 ਦਸੰਬਰ ਤੋਂ ਬਿਜਲੀ ਅਤੇ ਪਾਣੀ ਦੇ ਬਿੱਲ ਸਮੇਤ ਹੋਰ ਸਾਰੀਆਂ ਪ੍ਰਾਪਤੀਆਂ ਨਕਦ ਲੈਣ ’ਤੇ ਰੋਕ ਲਾਈ ਹੈ। ਯੂਟੀ ਦੇ ਪ੍ਰਸ਼ਾਸਕ ਤੇ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਚੰਡੀਗਡ਼੍ਹ ਨੂੰ ਪਹਿਲਾ ਕੈਸ਼ਲੈੱਸ ਸ਼ਹਿਰ ਬਣਾਉਣ ਦੀ ਇੱਛਾ ਜ਼ਾਹਿਰ ਕੀਤੀ ਹੈ।

ਯੂਟੀ ਦੇ ਲੇਬਰ ਕਮਿਸ਼ਨਰ ਨੇ ਵੱਖ-ਵੱਖ ਵਪਾਰਕ ਅਦਾਰਿਆਂ ਨੂੰ ਇੱਕ ਪੱਤਰ ਰਾਹੀਂ ਕਿਹਾ ਹੈ ਕਿ ਮੁਲਾਜ਼ਮਾਂ ਦੀ ਤਨਖ਼ਾਹ ਅਤੇ ਐਡਵਾਂਸ ਸਮੇਤ ਹਰ ਤਰ੍ਹਾਂ ਦਾ ਲੈਣ-ਦੇਣ ਬੈਂਕਾਂ ਰਾਹੀਂ ਕੀਤਾ ਜਾਵੇ। ਬੈਂਕਾਂ ਵਲੋਂ ਵਿਸ਼ੇਸ਼ ਕੈਂਪ ਲਾ ਕੇ ਅਜਿਹੇ ਮੁਲਾਜ਼ਮਾਂ ਦੇ ਖ਼ਾਤੇ ਖੋਲ੍ਹੇ ਜਾਣਗੇ, ਜਿਨ੍ਹਾਂ ਦੇ ਬੈਂਕ ਖ਼ਾਤੇ ਨਹੀਂ ਹਨ। ਲੇਬਰ ਵਿਭਾਗ ਨੇ ਹੁਕਮਾਂ ਦੀ ਅਵੱਗਿਆ ਕਰਨ ਵਾਲਿਆਂ ਨੂੰ ਕਾਰਵਾਈ ਲਈ ਤਿਆਰ ਰਹਿਣ ਦੀ ਤਾਡ਼ਨਾ ਕਰਦਿਆਂ ਸਾਫ਼ ਕੀਤਾ ਕਿ ਨਕਦ ਭੁਗਤਾਨ ’ਤੇ ਬਿਲਕੁਲ ਰੋਕ ਹੋਵੇਗੀ।

ਬੀਤੇ ਦਿਨ ਪ੍ਰਸ਼ਾਸਨ ਨੇ ਸਰਕਾਰੀ ਵਿਭਾਗਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਪੈਸੇ ਨਕਦ ਪ੍ਰਾਪਤ ਕਰਨ ਦੀ ਥਾਂ ਕਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਲਏ ਜਾਣ। ਨਕਦੀ ਰਹਿਤ ਲੈਣ-ਦੇਣ ਦੀ ਸ਼ੁਰੂਆਤ ਸੰਪਰਕ ਸੈਂਟਰਾਂ ਤੋਂ ਕਰਦਿਆਂ ਉਥੇ ਸਵਾਈਪ ਮਸ਼ੀਨਾਂ ਰੱਖਣ ਲਈ ਆਖਿਆ ਗਿਆ ਹੈ। ਉਸ ਤੋਂ ਬਾਅਦ ਰਜਿਸਟਰੇਸ਼ਨ ਤੇ ਲਾਇਸੈਂਸਿੰਗ ਅਥਾਰਿਟੀ, ਟ੍ਰਾਂਸਪੋਰਟ ਵਿਭਾਗ, ਨਗਰ ਨਿਗਮ, ਹਾਊਸਿੰਗ ਬੋਰਡ ਅਤੇ ਮਿਲਖ਼ ਦਫਤਰ ਦੀ ਵਾਰੀ ਆਵੇਗੀ।

ਛੋਟੇ ਦੁਕਾਨਦਾਰਾਂ ਅਤੇ ਰੇਹਡ਼ੀ-ਫਡ਼੍ਹੀ ਵਾਲਿਆਂ ਨੂੰ ਵੀ ਰਾਸ਼ਨ ਅਤੇ ਸਬਜ਼ੀਆਂ ਆਦਿ ਨਕਦ ਨਾ ਵੇਚਣ ਲੲੀ ਕਹੇ ਜਾਣ ਦੀ ਤਿਆਰੀ ਹੈ। ਪ੍ਰਸ਼ਾਸਨ ਵਲੋਂ ਕੈਸ਼ਲੈੱਸ ਲੈਣ-ਦੇਣ ਮੁਹਿੰਮ ਛਡ਼ੀ ਜਾ ਰਹੀ ਹੈ, ਜਿਸ ਲੲੀ ਬੈਂਕਾਂ ਤੋਂ ਵਿਸ਼ੇਸ਼ ਸਹਿਯੋਗ ਮੰਗਿਆ ਜਾਵੇਗਾ। ਇਸ ਦੇ ੳੁਲਟ ਕੇਂਦਰ ਅਤੇ ਪੰਜਾਬ ਸਰਕਾਰ ਸਮੇਤ ਚੰਡੀਗਡ਼੍ਹ ਪ੍ਰਸ਼ਾਸਨ ਨੇ ਆਪਣੇ ਸਰਕਾਰੀ ਮੁਲਾਜ਼ਮਾਂ ਨੂੰ ਨਵੰਬਰ ਦੀ ਤਨਖ਼ਾਹ ਵਿਚੋਂ ਦਸ ਹਜ਼ਾਰ ਰੁਪਏ ਨਕਦ ਲੈਣ ਦੀ ਖੁੱਲ੍ਹ ਦੇ ਦਿੱਤੀ ਹੈ।

ਦੂਜੇ ਬੰਨੇ ਕੇਂਦਰ ਦੇ ਨੋਟਬੰਦੀ ਦੇ ਐਲਾਨ ਤੋਂ ਬਾਅਦ ਆਮ ਲੋਕਾਂ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ ਹਨ। ਅੱਜ ਟ੍ਰਾਈਸਿਟੀ ਦੇ ਕਈ ਬੈਂਕਾਂ ਵਿੱਚ ਨਕਦੀ ਦੀ ਤੋਟ ਰਹੀ ਅਤੇ ਏਟੀਐਮਜ਼ ਵਿੱਚ ਪੈਸੇ ਮੁੱਕੇ ਰਹੇ। ਵੱਡੀ ਗਿਣਤੀ ਬੈਂਕਾਂ ਵਿੱਚ ਬੀਤੀ ਸ਼ਾਮ ਨਕਦੀ ਖਤਮ ਹੋ ਜਾਣ ਤੋਂ ਬਾਅਦ ਅੱਜ ਗਾਹਕਾਂ ਨੂੰ ਬੇਰੰਗ ਮੋਡ਼ ਦਿੱਤਾ ਗਿਆ ਹੈ।