ਕਿਸਾਨ -ਮਜ਼ਦੂਰ ਦੀ ਕਰਜ਼ੇ ਕਾਰਨ ਕੁਰਕੀ ਨਹੀਂ ਹੋਣ ਦਿਤੀ ਜਾਵੇਗੀ...
ਏਬੀਪੀ ਸਾਂਝਾ | 14 Sep 2017 08:35 AM (IST)
ਅੰਮ੍ਰਿਤਸਰ : ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਦਾਣਾ ਮੰਡੀ ਵਿਖੇ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਨੌਜਵਾਨਾਂ ਤੇ ਬੀਬੀਆਂ ਵਲੋਂ ਕਿਸਾਨ ਲਹਿਰ ਦੇ ਪੰਜ ਸ਼ਹੀਦਾਂ ਨੂੰ ਸਮਰਪਤ ਸੂਬਾ ਪਧਰੀ ਕਰਜ਼ਾ ਮੁਕਤੀ ਰੈਲੀ ਵਿਚ ਪੰਜਾਬ ਤੇ ਕੇਂਦਰ ਸਰਕਾਰ ਵਿਰੁਧ ਪੂਰੇ ਗੁੱਸੇ ਤੇ ਰੋਹ ਨਾਲ ਸ਼ਮੂਲੀਅਤ ਕੀਤੀ। ਰੈਲੀ ਵਿਚ ਹਜ਼ਾਰਾਂ ਕਿਸਾਨ ਮਜ਼ਦੂਰ ਬੀਬੀਆਂ ਵਲੋਂ ਅਪਣੇ ਛੋਟੇ-ਛੋਟੇ ਬੱਚੇ ਲੈ ਕੇ ਪੂਰੀ ਤਤਪਰਤਾ ਨਾਲ ਸ਼ਾਮਲ ਹੋਣਾ ਵਿਲੱਖਣ ਦ੍ਰਿਸ਼ ਪੇਸ਼ ਕਰ ਰਿਹਾ ਸੀ। ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਜਰਨਲ ਸਕੱਤਰ ਸਵਿੰਦਰ ਸਿੰਘ ਚੁਤਾਲਾ, ਸੀ.ਮੀਤ ਪ੍ਰਧਾਨ ਸਵਰਣ ਸਿੰਘ ਪੰਧੇਰ ਨੇ ਕਿਸਾਨਾਂ ਦੀ ਸਮੱਚੀ ਕਰਜ਼ ਮੁਆਫ਼ੀ 'ਤੇ ਕੀਤੇ ਤੇ ਹੋਰ ਚੋਣ ਵਾਅਦਿਆਂ ਤੋਂ ਭੱਜਣ ਵਾਲੀ ਕੈਪਟਨ ਸਰਕਾਰ ਵਿਰੁਧ 28, 29 ਸਤੰਬਰ ਨੂੰ ਅੰਮ੍ਰਿਤਸਰ ਤੇ ਫ਼ਿਰੋਜ਼ਪੁਰ ਦੇ ਡੀ.ਸੀ. ਦਫ਼ਤਰਾਂ ਅੱਗੇ ਦੋ ਰੋਜ਼ਾ ਵਿਸ਼ਾਲ ਧਰਨੇ ਦਿਤੇ ਜਾਣਗੇ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਹਰ ਰੋਜ਼ ਪੰਜਾਬ ਤੇ ਦੇਸ਼ ਭਰ ਵਿਚ ਦਰਜਨਾਂ ਕਿਸਾਨਾਂ ਮਜ਼ਦੂਰਾਂ ਦੀਆ ਕਰਜ਼ੇ ਕਾਰਨ ਹੋ ਰਹੀਆਂ ਖ਼ੁਦਕੁਸ਼ੀਆਂ ਝੂਠੇ ਵਾਅਦੇ ਕਰ ਕੇ ਮੁਕਰਨ ਵਾਲੇ ਵੋਟ ਬਟੋਰੂ ਲੁਟੇਰੇ ਹਾਕਮਾਂ ਦੇ ਮੱਥੇ 'ਤੇ ਨਾ ਮਿਟ ਸਕਣ ਵਾਲਾ ਕਲੰਕ ਹੈ। ਕਿਸਾਨ ਆਗੂਆਂ ਨੇ ਅੱਗੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਕਿਸਾਨੀ ਮੰਗਾਂ ਵਲ ਧਿਆਨ ਨਾ ਦਿਤਾ ਤਾਂ ਇਹ ਦੋ ਰੋਜ਼ਾ ਧਰਨਾ ਹੋਰ ਵਧਾ ਦਿੱਤਾ ਜਾਵੇਗਾ। ਇਸ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਜਥੇਬੰਦਕ ਸਕੱਤਰ ਸੁਖਵਿੰਦਰ ਸਿੰਘ ਸਭਰਾਂ, ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਸਿਧਵਾਂ ਨੇ ਕੈਪਟਨ ਸਰਕਾਰ ਨੂੰ ਲਲਕਾਰਦਿਆਂ ਕਿਹਾ ਕਿ ਜਾ ਤਾਂ ਕੀਤੇ ਲਿਖਤੀ ਚੋਣ ਵਾਅਦੇ ਇੰਨ ਬਿੰਨ ਪੂਰੇ ਕੀਤੇ ਜਾਣ ਜਾਂ ਨੈਤਿਕ ਆਧਾਰ ਉਤੇ ਪੰਜਾਬ ਦੀ ਰਾਜ ਗੱਦੀ ਤੋਂ ਅਸਤੀਫ਼ਾ ਦੇ ਕੇ ਪਾਸੇ ਹੋਇਆ ਜਾਵੇ। ਕਿਸਾਨ ਆਗੂਆਂ ਨੇ ਇਸ ਮੌਕੇ ਐਲਾਨ ਕੀਤਾ ਕਿ ਪੰਜਾਬ ਭਰ ਵਿਚ ਕਿਸੇ ਵੀ ਕਿਸਾਨ ਮਜ਼ਦੂਰ ਦੀ ਕਰਜ਼ੇ ਕਾਰਨ ਕੁਰਕੀ ਨਹੀਂ ਹੋਣ ਦਿਤੀ ਜਾਵੇਗੀ ਤੇ ਨਾ ਹੀ ਪਿੰਡਾਂ ਵਿਚ ਜਬਰੀ ਕਰਜ਼ਾ ਕਿਸੇ ਨੂੰ ਉਗਰਾਹੁਣ ਦਿਤਾ ਜਾਵੇਗਾ।