ਚੰਡੀਗੜ੍ਹ : ਹੁਣ ਕਿਸਾਨਾਂ ਦੇ ਬੱਚੇ ਵੀ ਸਰਕਾਰ ਦੀਆਂ ਮਾੜੀ ਨੀਤੀਆਂ ਦੀ ਗਵਾਹੀ ਭਰਨ ਲੱਗੇ ਹਨ। ਕਰਜ਼ਾ ਮੁਆਫੀ ਲਈ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਬਠਿੰਡਾ ਦੇ ਮਿੰਨੀ ਸਕੱਤਰੇਤ ਅੱਗੇ ਲਾਏ ਧਰਨੇ ਵਿੱਚ ਖੁਦਕੁਸ਼ੀ ਕਰ ਚੁਕੇ ਕਿਸਾਨਾਂ ਦੇ ਬੱਚੇ ਵੀ ਸ਼ਾਮਲ ਹੋਏ। ਹੱਥ ਵਿੱਚ ਕਿਸਾਨ ਯੂਨੀਅਨ ਦਾ ਝੰਡਾ ਚੁਕੇ ਖੜ੍ਹੇ ਪਿੰਡ ਰਾਮਪੁਰਾ ਦਾ ਢਾਈ ਵਰ੍ਹਿਆਂ ਦਾ ਜਸਪ੍ਰੀਤ ਹੈ। ਅਜਿਹੇ ਸੈਂਕੜੇ ਬੱਚੇ ਹਨ, ਜਿਨ੍ਹਾਂ ਦੇ ਪਿਤਾ ਖ਼ੁਦਕੁਸ਼ੀ ਕਰ ਗਏ ਤੇ ਦੁੱਖਾਂ ਦੀ ਪੰਡ ਬੱਚਿਆਂ ਦੀ ਝੋਲੀ ਪੈ ਗਈ ਹੈ।

ਡੇਢ ਵਰ੍ਹੇ ਦਾ ਬੱਚਾ ਅਮਨਦੀਪ ਪਿੰਡ ਲਹਿਰਾ ਬੇਗਾ ਤੋਂ ਸ਼ਾਮਲ ਹੋਇਆ। ਜਿਸਦੇ ਪਿਤਾ ਸੋਨੀ ਸਿੰਘ ਨੇ ਕਰਜ਼ੇ ਕਾਰਨ ਖੁਦਕੁਸ਼ੀ ਕਰ ਲਈ ਸੀ। ਇਸ ਬੱਚੇ ਦੀ ਪਿਤਾ ਦੀ ਮੌਤ ਤੋਂ ਬਾਅਦ ਮਾਂ ਪੇਕੇ ਚਲੀ ਗਈ ਸੀ ਤੇ ਹੁਣ ਇਹ ਆਪਣੀ ਦਾਦੀ ਕੋਲ ਰਹਿ ਰਿਹਾ ਹੈ। ਦਾਦੀ ਕਹਿੰਦੀ ਹੈ ਕਿ ਸਰਕਾਰਾਂ ਨੇ ਉਸਦੇ ਪੋਤੇ ਦਾ ਬਚਪਣ ਖੋਹ ਲਿਆ ਹੈ। ਉਸਨੇ ਤਾਂ ਹਾਲੇ ਸਕੂਲ ਦਾ ਮੂੰਹ ਵੀ ਨਹੀਂ ਦੇਖਿਆ ਪਰ ਉਸਨੂੰ ਗਰਮੀ ਵਿੱਚ ਸੜਕਾਂ ਤੇ ਆਉਣ ਪੈ ਰਿਹਾ ਹੈ। ਇਸ ਤਰ੍ਹਾਂ ਹੀ ਪਿੰਡ ਕੋਟੜਾ ਦੇ ਤਿੰਨ ਵਰ੍ਹਿਆ ਦਾ ਗੁਰਸ਼ਨ ਆਪਣੇ ਦਾਦੇ ਨਾਲ ਧਰਨੇ ਵਿੱਚ ਆਇਆ ਹੈ।

ਮਹਿਲਾ ਨੇਤਾ ਬਿੰਦੂ ਨੇ ਕਿਹਾ ਕਿ ਸੈਂਕੜੇ ਮਾਂਵਾਂ ਨਾਲ ਛੋਟੇ ਬੱਚੇ ਵੀ ਧਰਨਿਆਂ ਵਿੱਚ ਪੁੱਜਦੇ ਹਨ ਅਤੇ ਵੱਡੇ ਬੱਚੇ ਕਿਸਾਨ ਸੰਘਰਸ਼ਾਂ ਦੇ ਸਾਥੀ ਬਣ ਗਏ ਹਨ। ਬਠਿੰਡਾ ਤੇ ਮਾਨਸਾ ਵਿੱਚ ਇਹ ਰੁਝਾਨ ਕਾਫ਼ੀ ਵਧ ਗਿਆ ਹੈ।

ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਕਿਹਾ ਕਿ ਕਿਸਾਨੀ ਸੰਕਟ ਨੇ ਬਚਪਨ ਮਧੋਲ ਦਿੱਤਾ ਹੈ। ਇਨ੍ਹਾਂ ਬੱਚਿਆਂ ਨੂੰ ਵੱਡਾ ਸੰਤਾਪ ਹੰਢਾਉਣਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਖੇਤੀ ਸੰਕਟ ਦੀ ਵੱਡੀ ਸੱਟ ਬਚਪਨ ਨੂੰ ਹੀ ਵੱਜੀ ਹੈ ਪਰ ਸਰਕਾਰਾਂ ਦੀ ਅੱਖ ਵਿੱਚੋਂ ਫਿਰ ਵੀ ਹੰਝੂ ਨਹੀਂ ਕਿਰੇ।