ਜਲੰਧਰ: ਕਿਸਾਨ ਨੇਤਾਵਾਂ ਵਲੋਂ ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਨਾਲ ਗ਼ਲਤ ਵਤੀਰਾ ਵਰਤੇ ਜਾਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।ਇਸ ਵੀਡੀਓ ਵਿੱਚ ਸਾਫ਼ ਸਾਫ਼ ਨਜ਼ਰ ਆ ਰਿਹਾ ਹੈ ਕਿ ਕਪੂਰਥਲਾ ਦੇ ਕਿਸਾਨ ਯੂਨੀਅਨ ਦੇ ਆਗੂ ਜਸਵੀਰ ਸਿੰਘ ਲਿੱਟਾਂ ਅਤੇ ਕਿਸਾਨਾਂ ਵੱਲੋਂ 220 ਕੇਵੀ ਕਰਤਾਰਪੁਰ ਬਿਜਲੀ ਘਰ ਵਿੱਚ ਜਾ ਕੇ ਹੰਗਾਮਾ ਕੀਤਾ ਗਿਆ।


ਵੀਡੀਓ ਵਿੱਚ ਸਾਫ ਤੌਰ ਤੇ ਵੇਖਿਆ ਗਿਆ ਹੈ ਕਿ ਬਿਜਲੀ ਬੋਰਡ ਦੇ ਮੁਲਾਜ਼ਮਾਂ ਤੋਂ ਬੈਠਕਾਂ ਵੀ ਕਢਾਈਆਂ ਗਈਆਂ ਹਨ। ਇਹ ਖ਼ਬਰਾਂ ਵੀ ਸਾਹਮਣੇ ਆਈਆਂ ਹਨ ਕਿ ਜਸਵੀਰ ਸਿੰਘ ਲਿੱਟਾਂ ਵੱਲੋਂ ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ।ਕਥਿਤ ਤੌਰ ਤੇ ਲਿੱਟਾਂ ਨੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਨੂੰ ਕਿਹਾ ਕਿ ਚਾਹੇ ਤੁਹਾਡੇ ਹੈੱਡਕੁਆਟਰ ਪਟਿਆਲੇ ਤੋਂ ਜਾਂ ਐਕਸੀਅਨ ਵੱਲੋਂ ਫੋਨ ਆ ਜਾਵੇ ਤੁਸੀਂ ਕਿਸਾਨਾਂ ਦੀ ਬਿਜਲੀ ਬੰਦ ਨਹੀਂ ਕਰੋਗੇ।ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅੱਠ ਘੰਟੇ ਪੂਰੀ ਬਿਜਲੀ ਦਿੱਤੀ ਜਾਵੇ।

ਇਸ ਨੂੰ ਲੈ ਕੇ ਜਦ ਪੁਲਿਸ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਇਸ ਬਾਰੇ ਬਿਜਲੀ ਮਹਿਕਮੇ ਦੇ ਮੁਲਾਜ਼ਮਾਂ ਵਲੋਂ ਸ਼ਿਕਾਇਤ ਆਈ ਹੈ ਅਤੇ ਉਹ ਇਸ ਨੂੰ ਲੈ ਕੇ ਬਣਦੀ ਕਾਰਵਾਈ ਕਰ ਰਹੇ ਹਨ।