ਮੁੰਬਈ: ਮਹਾਰਾਸ਼ਟਰ ਦੇ ਕਿਸਾਨ ਨੇ ਪਿਆਜ਼ ਦੀ ਪੂਰੀ ਫਸਲ ਵੇਚ ਕੇ ਵੱਟੇ 1064 ਰੁਪਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਭੇਜ ਦਿੱਤੇ ਸੀ। ਇਹ ਮਾਮਲਾ ਮੀਡੀਆ ਵਿੱਚ ਆਉਣ ਮਗਰੋਂ ਪ੍ਰਧਾਨ ਮੰਤਰੀ ਦਫਤਰ ਨੇ ਮਹਾਰਾਸ਼ਟਰ ਸਰਕਾਰ ਤੋਂ ਰਿਪੋਰਟ ਤਲਬ ਕੀਤੀ ਹੈ। ਸਰਕਾਰੀ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।

ਦਰਅਸਲ ਕਿਸਾਨ ਨੂੰ 750 ਕਿੱਲੋ ਪਿਆਜ ਦੇ ਸਿਰਫ 1064 ਰੁਪਏ ਹੀ ਮਿਲੇ ਸੀ। ਖਰਚਾ ਵੀ ਪੂਰਾ ਨਾ ਹੋਣ ਕਰਕੇ ਨਾਰਾਜ਼ ਕਿਸਾਨ ਨੇ ਪ੍ਰਧਾਨ ਮੰਤਰੀ ਨੂੰ ਸਾਰੇ ਪੈਸੇ ਭੇਜ ਦਿੱਤੇ ਸੀ। ਹੁਣ ਕੇਂਦਰ ਸਰਕਾਰ ਨੇ ਮਹਾਰਾਸ਼ਟਰ ਸਰਕਾਰ ਤੋਂ ਰਿਪੋਰਟ ਮੰਗ ਲਈ ਹੈ।

ਜ਼ਿਲ੍ਹਾ ਨਾਸਿਕ ਦੀ ਤਹਿਸੀਲ ਨਿਫਾੜ ਦੇ ਕਸਾਨ ਸੰਜੈ ਸਾਠੇ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਇਸ ਮੌਸਮ ਵਿੱਚ ਉਸ ਨੂੰ 750 ਕਿੱਲੋ ਪਿਆਜ਼ ਵੇਚਣ ਦੇ ਸਿਰਫ 1,064 ਰੁਪਏ ਮਿਲੇ। ਵਿਰੋਧ ਜ਼ਾਹਰ ਕਰਦਿਆਂ ਕਿਸਾਨ ਨੇ 29 ਨਵਬੰਰ ਨੂੰ 1,064 ਰੁਪਏ ‘ਨਰੇਂਦਰ ਮੋਦੀ, ਭਾਰਤ ਦੇ ਪ੍ਰਧਾਨ ਮੰਤਰੀ’ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਆਫਤ ਰਾਹਤ ਕੋਸ਼ ਨੂੰ ਭੇਜ ਦਿੱਤੇ।

ਇਸ ਤੋਂ ਬਾਅਦ ਨਾਸਿਕ ਕੇ ਕਲੈਕਟਰ ਸ਼ਸ਼ੀਕਾਂਤ ਮੰਗਰੂਲੇ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਮਾਮਲੇ ਦੀ ਪੂਰੀ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਨਾਸਿਕ ਵਿੱਚ ਪਿਆਜ਼ ਦਾ ਉਤਪਾਦਨ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਅਗਲੀ ਕਾਰਵਾਈ ਲਈ ਉਹ ਨਿਰਦੇਸ਼ਾਂ ਦੀ ਉਡੀਕ ਕਰ ਰਹੇ ਹਨ।