ਨਵੀਂ ਦਿੱਲੀ: ਇੱਕ ਪਾਸੇ ਦੇਸ਼ ਖੇਤੀ ਸੰਕਟ ਨਾਲ ਜੂਝ ਰਿਹਾ ਹੈ, ਕਿਸਾਨ ਖੁਦਕਸ਼ੀਆਂ ਕਰ ਰਹੇ ਹਨ ਪਰ ਦੂਜੇ ਪਾਸੇ ਇੱਕ ਵੱਖਰੀ ਤਸਵੀਰ ਨੇ ਸਭ ਨੂੰ ਹੈਰਾਨ ਕੀਤਾ ਹੈ। ਖੇਤੀ ਸੰਕਟ ਦੇ ਬਾਵਜੂਦ ਕਿਸਾਨ ਧੱੜਲੇ ਨਾਲ ਮਹਿੰਗੇ ਟਰੈਕਟਰਾਂ ਦੀ ਵੱਡੀ ਖਰੀਦ ਕਰ ਰਹੇ ਹਨ। ਆਟੋ ਖੇਤਰ ਦੀ ਦੇਸੀ ਕੰਪਨੀ ‘ਮਹਿੰਦਰਾ ਐਂਡ ਮਹਿੰਦਰਾ’ ਤੇ ‘ਐਸਕਾਰਟਸ ਐਗਰੀ ਮਸ਼ੀਨਰੀ’ ਨੇ ਟਰੈਕਟਰਾਂ ਦੀ ਵਿਕਰੀ ਵਿੱਚ ਕ੍ਰਮਵਾਰ 49 ਤੇ 34 ਫੀਸਦੀ ਵਾਧਾ ਦਰਜ ਕੀਤਾ ਹੈ।

ਮਹਿੰਦਰਾ ਐਂਡ ਮਹਿੰਦਰਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਵਰ੍ਹੇ ਸਤੰਬਰ ਵਿੱਚ 45,563 ਟਰੈਕਟਰ ਵਿਕੇ, ਜਦੋਂਕਿ ਪਿਛਲੇ ਸਾਲ ਇਸੇ ਮਹੀਨੇ 30,562 ਟਰੈਕਟਰ ਵਿਕੇ ਸਨ। ਘਰੇਲੂ ਵਿਕਰੀ 51.54 ਫੀਸਦੀ ਵਧ ਕੇ ਪਿਛਲੇ ਸਾਲ ਦੇ ਇਸ ਮਹੀਨੇ ਦੇ 29,035 ਮੁਕਾਬਲੇ 44 ਹਜ਼ਾਰ ਟਰੈਕਟਰਾਂ ਦੀ ਰਹੀ। ਹਾਲਾਂਕਿ ਬਰਾਮਦ 1527 ਦੇ ਮੁਕਾਬਲੇ ਦੋ ਫੀਸਦੀ ਵੱਧ 1563 ਟਰੈਕਟਰਾਂ ਦੀ ਰਹੀ।

ਕੰਪਨੀ ਦੇ ਪ੍ਰਧਾਨ (ਖੇਤੀਬਾੜੀ ਸਾਜ਼ੋ ਸਾਮਾਨ ਖੇਤਰ) ਰਾਜੇਸ਼ ਜੇਜੁਰੀਕਰ ਨੇ ਕਿਹਾ, ‘‘ਚੰਗੀ ਮੌਨਸੂਨ ਤੇ ਸਾਉਣੀ ਵਿੱਚ ਵਧੀਆ ਉਤਪਾਦਨ ਤੋਂ ਬਾਅਦ ਸਾਨੂੰ ਤਿਉਹਾਰੀ ਸੀਜ਼ਨ ਵਿੱਚ ਚੰਗੇ ਹੁਲਾਰੇ ਦੀ ਆਸ ਹੈ।’’ ਦੂਜੇ ਪਾਸੇ ‘ਐਸਕਾਰਟਸ ਐਗਰੀ ਮਸ਼ੀਨਰੀ’ ਦੇ ਟਰੈਕਟਰਾਂ ਦੀ ਵਿਕਰੀ ਇਸ ਮਹੀਨੇ 34 ਫੀਸਦੀ ਵਧਕੇ 10,353 ਟਰੈਕਟਰਾਂ ਦੀ ਰਹੀ। ਕੰਪਨੀ ਨੇ ਪਿਛਲੇ ਸਾਲ ਇਸ ਮਹੀਨੇ ਵਿੱਚ 7725 ਟਰੈਕਟਰ ਵੇਚੇ ਸਨ।